ਜਾਪੁ ਸਾਹਿਬ।।
ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ।।
ਜਾਪੁ ਸਾਹਿਬ[1]
ਅਥ ਸ੍ਰੀ ਜਾਪੁ ਸਾਹਿਬ ਜੀ ਲਿਖਯਤੇ।। (ਹੁਣ ਜਾਪੁ ਸਾਹਿਬ ਲਿਖਦੇ ਹਾਂ)
ਸ੍ਰੀ ਮੁਖਵਾਕ ਪਾਤਿਸ਼ਾਹੀ ੧੦।।
ੴ ਸਤਿਗੁਰ ਪ੍ਰਸਾਦਿ।।
ਸ੍ਰੀ ਵਾਹਿਗੁਰੂ ਜੀ ਕੀ ਫਤਹਿ।।[2]
ਸ੍ਰੀ ਭਗਉਤੀ ਜੀ ਸਹਾਇ।।[3]
ਛਪੈ ਛੰਦ।। ਤ੍ਵਪ੍ਰਸਾਦਿ।।[4]
ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ।। ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ।। ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜ ਕਹਿੱਜੈ।। ਕੋਟਿ ਇੰਦ੍ਰ ਇੰਦ੍ਰਾਣਿ ਸਾਹਿ ਸਾਹਾਣਿ[5] ਗਣਿੱਜੈ।। ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ।। ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਿਤ।।1।।
ਦਸਮ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਜਾਪੁ ਬਾਣੀ ਤੋਂ ਹੁੰਦੀ ਹੈ। ਜਿਸ ਤਰ੍ਹਾਂ ਸ੍ਰੀ ਗੁਰੂ ਆਦਿ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਜਪੁ ਹੈ ਉਸੇ ਤਰਜ ਦੀ ਜਾਪੁ ਬਾਣੀ ਹੈ, ਜਿਸ ਦਾ ਪਹਿਲਾ ਛੰਦ ਮੂਲ ਮੰਤਰ ਵਾਂਗ ਹੀ ਪ੍ਰਮਾਤਮਾ ਦੀ ਵਿਆਖਿਆ ਦਰਸਾਉਂਦਾ ਹੈ।[6]
ਜਾਪੁ ਸਾਹਿਬ ਦੀ ਰਚਨਾ ਪਾਤਸ਼ਾਹ ਹਜੂਰ ਨੇ 1685 ਈ. ਵਿਚ 19 ਸਾਲ ਦੀ ਆਯੂ ਵਿਚ ਕੀਤੀ। ਜਵਾਨੀ ਵਿਚ ਪੈਰ ਧਰਦੇ ਹੀ ਜਦੋਂ ਅਗਾਂਹ ਪਾਤਸ਼ਾਹ ਨੇ ਸਿੱਖਾਂ ਨੂੰ ਬਿਖੜੇ ਪੈਂਡਿਆਂ ਤੇ ਚੱਲਣਾ ਸਿਖਾਉਣਾ ਸੀ। ਆਪਣਾ ਪੂਰਾ ਸਰਬੰਸ ਵਾਰਨਾ ਸੀ, ਖਾਲਸਾ ਸਾਜਣਾ ਸੀ, ਤੋਂ ਪਹਿਲਾਂ ਪਾਤਸ਼ਾਹ ਨੇ ਜਾਪ ਸਾਹਿਬ ਰੂਪੀ ਸ਼ਕਤੀਸ਼ਾਲੀ ਅਰਦਾਸ ਰਚੀ, ਜਿਸ ਨਾਲ ਅੱਗੇ ਜਾਕੇ ਹੋਰ 4 ਤਾਕਤਵਰ ਅਰਦਾਸਾਂ ਦੇ ਸੁਮੇਲ ਨਾਲ ਅਮ੍ਰਿਤ ਤਿਆਰ ਕਰਨਾ ਸੀ।
ਜਾਪੁ ਸਾਹਿਬ ਪੰਜ ਭਾਸ਼ਾਵਾਂ ਦਾ ਸੁਮੇਲ ਹੈ ਜਿੱਥੇ ਸ਼ੁੱਧ ਹਿੰਦੀ ਵਿਚ ‘ਕਰੁਣਾਲਯ ਹੈਂ।। ਅਰਿ ਘਾਲਯ ਹੈਂ।। ਖਲ ਖੰਡਨ ਹੈਂ।। ਮਹਿ ਮੰਡਨ ਹੈਂ।।‘ ਉਥੇ ਹੀ ਅਰਬੀ ਫਾਰਸੀ ਅੰਦਰ ‘ਗਨੀਮੁਲ ਸ਼ਿਕਸਤੈ।। ਗਰੀਬੁਲ ਪ੍ਰਸਤੈ।। ਬਿਲੰਦੁਲ ਮਕਾਨੈਂ।। ਜ਼ਮੀਨੁਲ ਜ਼ਮਾਨੈਂ।।‘ ਅਗਾਂਹ ਸੰਸਕ੍ਰਿਤ, ਰੇਖਤਾ ਵਿਚ ਦੋਵੇਂ ਭਗਵਤੀ ਛੰਦ ਪਾ ਕੇ ਪੂਰੇ ਭਾਰਤ ਵਰਸ਼ ਜੋ ਕਿ ਕਈ ਭਾਸ਼ਾਵਾਂ ਵਾਲਾ ਦੇਸ਼ ਹੈ, ਵਿਚ ਉਸ ਵੇਲੇ ਇਹ 5 ਕੁ ਭਾਸ਼ਾਵਾਂ ਪ੍ਰਮੁਖ ਸਨ, ਉਹਨਾਂ ਵਿਚ ਜਾਪੁ ਸਾਹਿਬ ਦੀ ਰਚਨਾ ਰਚ ਕੇ ਹਰੇਕ ਫਿਰਕੇ ਦੇ ਲੋਕਾਂ ਲਈ ਪ੍ਰਮਾਤਮਾ ਦੀ ਸਿਫਤ ਸਾਬਾਹ ਬੀਰ ਰਸ ਰੂਪ ਵਿਚ ਤਿਆਰ ਕੀਤੀ ਜਿਸ ਨੂੰ ਜਪ ਕੇ ਹਰੇਕ ਵਰਗ ਦਾ ਪ੍ਰਾਣੀ ਲਾਹਾ ਲੈ ਸਕੇ।[7]
ਹਿੰਦੂ ਮੁਸਲਿਮ ਸ੍ਰੰਸਕ੍ਰਿਤੀ ਵਾਲੇ ਭਾਰਤ ਵਰਸ਼ ਅੰਦਰ ਇਹ ਬਾਣੀ ਦਸ਼ਮੇਸ਼ ਪਿਤਾ ਜੀ ਦੇ ਅਨੁਭਵ ਨਾਲ ਤਿਆਰ ਕ੍ਰਾਂਤੀਕਾਰੀ ਸ਼੍ਰੋਮਣੀ ਰਚਨਾ ਹੈ। ਜਿਸ ਵਿਚ ਬੇਅੰਤ ਅਤੇ ਬੇਪਰਵਾਹ ਸਿਰਜਣਹਾਰ ਦੇ 950 ਨਾਵਾਂ ਦਾ ਜਿਕਰ ਹੈ। ਕੁਝ ਛੰਦ ਕੁਅਦੇਂ ਹਨ ਕਿ ਰੱਬ ਕੀ ਹੈ, ਅਤੇ ਕੁਝ ਆਂਹਦੇ ਹਨ ਕਿ ਰੱਬ ਕੀ ਨਹੀਂ ਹੈ। ਜਾਪੁ ਸਾਹਿਬ ਦੀ ਚਾਲ ਸਰਪਟ ਦੇ ਘੋੜੇ ਵਰਗੀ ਹੈ, ਅਤੇ ਖੁਰਾਂ ਦੀ ਤਾਲ ਮਾਰਸ਼ਲ ਆਤਮਾ ਨੂੰ ਦਿਲ ਵਿਚ ਬਿਠਾ ਦਿੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸਾਰੀ ਗੁਰਬਾਣੀ ਕਾਵਿ ਰੂਪ ਵਿਚ ਲਿਖੀ ਗਈ ਹੈ ਅਤੇ ਇਹੀ ਜਾਪੁ ਸਾਹਿਬ ਉੱਤੇ ਲਾਗੂ ਹੁੰਦਾ ਹੈ। ਭਗਤੀ ਲਹਿਰ ਦੇ ਦੌਰਾਨ, ਭਾਰਤ ਵਿਚ ਭਗਤੀ ਕਾਵਿ ਜ਼ਿਆਦਾਤਰ ਪਦਾਂ, ਦੋਹਰਾ, ਚੌਪਈ, ਸਵੱਈਏ, ਕਬਿੱਤ ਪਉੜੀ, ਛੰਦ ਆਦਿ ਵਿਚ ਰਚਿਆ ਗਿਆ ਸੀ। ਗੁਰਬਾਣੀ ਵਿਚ ਵੀ ਇਹਨਾਂ ਦੇ ਰੂਪਾਂ ਦੀ ਵਰਤੋਂ ਹੋਈ ਹੈ। ਜਾਪੁ ਸਾਹਿਬ 10 ਪ੍ਰਕਾਰ ਦੇ ਛੰਦਾਂ ਵਿਚ ਲਿਖਿਆ ਗਿਆ ਹੈ। ਇਕ ਛੰਦ ਨੂੰ ਛੱਡ ਕੇ, ਜਿਸ ਵਿਚ 6 ਲਾਈਨਾਂ (ਪਦ ਜਾਂ ਚਰਨ) ਹਨ, ਬਾਕੀ 9 ਵਿਚ 4 ਲਾਈਨਾਂ (ਪਦ ਜਾਂ ਚਰਣ) ਹਨ।
ਛਪੈ ਛੰਦ- (ਇਕ ਵਾਰ),ਇਹ ਜਾਪੁ ਬਾਣੀ ਦਾ ਪਹਿਲਾ ਛੰਦ ਹੈ ਜੋ 6 ਪੰਕਤੀਆਂ ਦਾ ਬਣਿਆ ਹੈ। ਇਹ ਛੰਦ ਜਾਪੁ ਬਾਣੀ ਅੰਦਰ ਇਕ ਵਾਰ ਹੀ ਪ੍ਰਗਟ ਹੋਇਆ ਹੈ। ਇਹ ਛੰਦ 2 ਛੰਦਾਂ ਰੋਲਾ ਅਤੇ ਉਲਾਲ ਦਾ ਸੁਮੇਲ ਹੈ। ਸਿਖਰਲੇ ਚਾਰ ਚਰਨ ਰੋਲਾ ਅਤੇ ਅੰਤਲੇ 2 ਚਰਨ ਉਲਾਲ ਛੰਦ ਦੇ ਹਨ। ਰੋਲਾ ਛੰਦ ਦੇ ਹਰੇਕ ਚਰਨ ਵਿਚ 24 ਲਘੂ ਮਾਤਰਾਂ ਹਨ, ਜਦੋਂ ਕਿ ਉਲਾਲ ਛੰਦ ਦੇ ਹਰੇਕ ਚਰਨ ਵਿਚ 28। ਕੁੱਲ 152 ਲਘੂ ਮਾਤਰਾਂ ਇਹ ਛੰਦ ਆਪਣੇ ਅੰਦਰ ਸੰਜੋਈ ਬੈਠਾ ਹੈ। 24*4=96, 28*2=56 (96+56=152)
ਭੁਜੰਗ ਪ੍ਰਯਾਤ-(ਛੇ ਵਾਰ) 65 ਪਾਉੜੀਆਂ (2-28, 44-61, 64-73, 96-98,185-188,197-199) ਹਰੇਕ ਪਾਉੜੀ ਵਿਚ 4 ਪੰਕਤੀਆਂ(ਚਰਣ) ਹਨ। ਕੁੱਲ 65 ਪਾਉੜੀਆਂ ਦਾ ਸੁਮੇਲ ਇਹ ਛੰਦ ਜਾਪੁ ਸਾਹਿਬ ਬਾਣੀ ਦਾ ਸਭ ਤੋਂ ਵੱਡੇ ਅਕਾਰ ਦਾ ਛੰਦ ਹੈ, ਇਹ ਛੰਦ ਅਜਗਰ ਜਾਂ ਸੱਪ ਦੀ ਧੁਨ, ਗਤੀ ਦੇ ਪ੍ਰਤੀਬਿੰਬ ਨਾਲ ਲਿਖਿਆ ਗਿਆ ਹੈ। ਹਾਲਾਂਕਿ ਜਾਪੁ ਸਾਹਿਬ ਵਿਚ ਇਹ ਅਰਧ-ਭੁਜੰਗ(ਅੱਧਾ ਭੁਜੰਗ) ਦੇ ਇਕ ਵਿਭਿੰਨ ਰੂਪ ਵਿਚ ਵਰਤਿਆ ਗਿਆ ਹੈ, ਜੋ ਕਿ ਰਸਾਵਲ ਛੰਦ ਵਰਗਾ ਹੈ। ਭੁਜੰਗ ਦਾ ਅਰਥ ਹੈ ਸੱਪ ਦਾ ਨਿਰਵਿਘਨ ਅਤੇ ‘’ ਅੱਗੇ ਤੋਂ ਅੱਗੇ’’ ਤੁਰੇ ਜਾਣਾ, ਇਹ ਗੱਤਕੇ ਨਾਲ ਵੀ ਸਬੰਧਤ ਹੈ। ਗੁਰੂ ਸਾਹਿਬ ਦੇ ਵੇਲੇ ਤੇ ਬਾਅਦ ਵਿਚ ਜੰਗਾਂ ਦੌਰਾਨ ਸਿੰਘ ਜਾਪੁ ਸਾਹਿਬ ਦਾ ਪਾਠ ਕਰਦੇ ਸਨ। ਤੇ ਅਗਾਂਹ ਹੀ ਅਗਾਂਹ ਵਧਦੇ ਦੁਸ਼ਮਣ ਦੇ ਆਹੂ ਲਾਹੁੰਦੇਂ ਤੁਰੇ ਜਾਂਦੇ ਸਨ। ‘‘ਨਮਸਤ੍ਵੰ ਅਕਾਲੇ।। ਨਮਸਤ੍ਵੰ ਕ੍ਰਿਪਾਲੇ।। ਨਮਸਤ੍ਵੰ ਅਰੂਪੇ।। ਨਮਸਤ੍ਵੰ ਅਨੂਪੇ।।‘’[8] ‘’ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦ੍ਰੇ।। ਨਮੋ ਰਾਜ ਰਾਜੇ ਨਮੋ ਨਮੋ ਇੰਦ੍ਰ ਇੰਦ੍ਰੇ।। ਨਮੋ ਅੰਧਕਾਰੇ ਨਮੋ ਤੇਜ ਤੇਜੇ।। ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ।।‘’[9]
ਚਾਚਰੀ ਛੰਦ- (ਪੰਜ ਵਾਰ) 32 ਪਾਉੜੀਆਂ (29-43, 62-63, 94-95, 99-102,133-141) ਕੁੱਲ 32 ਪਾਉੜੀਆਂ ਹਨ। ਹਰੇਕ ਪਾਉੜੀ ਵਿਚ 4 ਪੰਕਤੀਆਂ( ਚਰਣ) ਹਨ, ਇਹ ਛੰਦ ਤਲਵਾਰ ਦੀ ਤਿੱਖੀ ਗਤੀ ਨੂੰ ਪ੍ਰਤੀਬਿੰਬਤ ਇਕ ਸੁਰ, ਗਤੀ ਨਾਲ ਲਿਖਿਆ ਗਿਆ ਛੰਦ ਹੈ। ‘‘ਅਰੂਪ ਹੈਂ।। ਅਨੂਪ ਹੈਂ।। ਅਜੂ ਹੈਂ।। ਅਭੂ ਹੈਂ।।‘’ ‘’ਗੋਬਿੰਦ।। ਮੁਕੰਦੇ।। ਉਦਾਰੇ।। ਅਪਾਰੇ।।‘’ ‘’ਹਰੀਅੰ।। ਕਰੀਅੰ।। ਨ੍ਰਿਨਾਮੇ।। ਅਕਾਮੇ।।‘’
ਚਰਪਟ ਛੰਦ- (2 ਵਾਰ) 8 ਪਾਉੜੀਆਂ 74-78, 142-144 ਹਨ ਹਰੇਕ ਪਾਉੜੀ ਵਿਚ 4 ਪੰਕਤੀਆਂ(ਚਰਣ) ਹਨਃ- ‘‘ਅੰਮ੍ਰਿਤ ਕਰਮੇ।। ਅੰਬ੍ਰਿਤ ਧਰਮ।। ਅਖੱਲ ਜੋਗੇ।। ਅਚੱਲ ਭੋਗੇ।।‘’‘’ਸਰਬੰ ਹੰਤਾ।। ਸਰਬੰ ਗੰਤਾ।। ਸਰਬੰ ਖਿਯਾਤਾ।। ਸਰਬੰ ਗਿਯਾਤਾ।।‘’ ਇਹ ਛੰਦ ਪਰੇਡ ਕੱਢਦੀ ਫੌਜ(Marching Army) ਦੀ ਧੁਨੀ, ਗਤੀ ਦੇ ਪ੍ਰਤੀਬਿੰਬ ਨਾਲ ਲਿਖਿਆ ਗਿਆ ਹੈ।
ਰੂਆਲ ਛੰਦ- (ਇਕ ਵਾਰ)(79-86 ਕੁੱਲ 8 ਪਾਉੜੀਆਂ) ਹਰੇਕ ਪਾਉੜੀ ਅੰਦਰ 4 ਪੰਕਤੀਆਂ(ਚਰਣ) ਹਨ। ‘‘ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ।। ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ।। ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨਿ ਕਾਲ।। ਜੱਤ੍ਰ ਤੱਤ੍ਰ ਬਿਰਜਹੀ ਅਵ ਧੂਤ ਰੂਪ ਰਸਾਲ।।੭੯।।‘’
ਮਧੁਭਾਰ ਛੰਦ- (ਦੋ ਵਾਰ)(87-93,161-170 ਕੁੱਲ 17 ਪਾਉੜੀਆਂ) ਹਰੇਕ ਪਾਉੜੀ ਅੰਦਰ 4 ਪੰਕਤੀਆਂ(ਚਰਣ) ਹਨ। ਇਹ ਛੰਦ ਇਕ ਸੁਰ (ਗਤੀ) ਦੇ ਜ਼ੋਰ ਨਾਲ ਮੱਧਮ ਸ਼ਬਦ ਨਾਲ ਲਿਖਿਆ ਜਾਂਦਾ ਹੈ। ਮਧੁਭਾਰ ਛੰਦ ਦਾ ਅਰਥ ‘ਮਧ’(ਅੱਧਾ) ‘ਭਾਰ’(ਭਾਰ) ਹੋ ਸਕਦਾ ਹੈ ਕਿਉਂਕਿ ਇਹ ਇਕ ਛੰਦ ਹੈ ਜਿਸ ਨੂੰ ਤੁਸੀਂ ਬਹੁਤ ਹੌਲੀ ਅਤੇ ਤੇਜ ਨਹੀਂ ਪੜ੍ਹਦੇ ਹੋ। ਇਹ ਛੰਦ ਮੱਧ ਧੁਨੀ ਤੇ ਜ਼ੋਰ ਦੇ ਕੇ ਪੜ੍ਹਿਆ ਜਾਣਾ ਚਾਹੀਦਾ ਹੈ।
‘‘ਗੁਨ ਗਨ ਉਦਾਰ।। ਮਹਿਮਾ ਅਪਾਰ।। ਆਸਨ ਅਭੰਗ।। ਉਪਮਾ ਅਨੰਗ।।੮੭।।‘’ ਉਦਾਹਰਣਃ ਗੁਨ ਗਨ ਉਦਾਰ— ਗਨ ਤੇ ਜ਼ੋਰ (ਮਹਿਮਾ ਅਪਾਰ— ਮਾ ਤੇ ਜ਼ੋਰ)
‘’ਮੁਨਿ ਮਨਿ ਪ੍ਰਨਾਮ।। ਗੁਨਿ ਗਨ ਮੁਦਾਮ।। ਅਰਿ ਬਰ ਅਗੰਜ।। ਹਰਿ ਨਰ ਪ੍ਰਭੰਜ।।੧੬੧।।‘’ ਇਥੇ ਮਨਿ, ਗਨ, ਬਰ, ਨਰ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
ਭਗਵਤੀ ਛੰਦ- (ਦੋ ਵਾਰ ) (103-131,150-160 ਕੁੱਲ 41 ਪਾਉੜੀਆਂ) ਹਰੇਕ ਪਾਉੜੀ ਅੰਦਰ 4 ਪੰਕਤੀਆਂ(ਚਰਣ)ਹਨ।
ਭਗਵਤੀ ਛੰਦ।। ਤ੍ਵਪ੍ਰਸਾਦਿ ਕਥਤੇ।। ‘’ਕਿ ਆਛਿੱਜ ਦੇਸੈ।। ਕਿ ਆਭਿੱਜ ਭੇਸੈ।। ਕਿ ਆਗੰਜ ਕਰਮੈ।। ਕਿ ਆਭੰਜ ਭਰਮੈ।।੧੦੩।।‘’
ਭਗਵਤੀ ਛੰਦ।। ਤ੍ਵਪ੍ਰਸਾਦਿ।। ‘’ਕਿ ਜ਼ਾਹਰ ਜ਼ਹੂਰ ਹੈਂ।। ਕਿ ਹਾਜ਼ਰ ਹਜ਼ੂਰ ਹੈਂ।। ਹਮੇਸੁਲ ਸਲਾਮ ਹੈਂ।। ਸਮਸਤੁਲ ਕਲਾਮ ਹੈਂ।।੧੫੦।।‘’
ਰਸਾਵਲ ਛੰਦ- (ਇਕ ਵਾਰ)(145-149 ਕੁੱਲ 5 ਪਾਉੜੀਆਂ) ਹਰੇਕ ਪਾਉੜੀ ਅੰਦਰ 4 ਪੰਕਤੀਆਂ(ਚਰਣ) ਹਨ। ਨਮੋ ਨਰਕ ਨਾਸੇ।। ਸਦੇਵੰ ਪ੍ਰਕਾਸੇ।। ਅਨੰਗੰ ਸਰੂਪੇ।। ਅਭੰਗੰ ਬਿਭੂਤੇ।।੧੪੫।।
ਹਰਿਬੋਲਮਨਾ ਛੰਦ- (ਇਕ ਵਾਰ)(171-184 ਕੁੱਲ 14 ਪਾਉੜੀਆਂ) ਹਰੇਕ ਪਾਉੜੀ ਅੰਦਰ 4 ਪੰਕਤੀਆਂ(ਚਰਣ)ਹਨ। ਇਹ ਛੰਦ ਮਨ, ਸਰੀਰ ਅਤੇ ਆਤਮਾ ਨੂੰ ਹਰ ਹਰ ਦਾ ਜਾਪ ਕਰਨ ਦੀ ਹਿਦਾਇਤ ਕਰਦਾ ਹੈ। ‘’ਕਰੁਣਾਲਯ ਹੈਂ।। ਅਰਿ ਘਾਲਯ ਹੈਂ।। ਖਲ ਖੰਡਨ ਹੈਂ।। ਮਹਿ ਮੰਡਨ ਹੈਂ।।੧੭੧।।‘’[10]
ਏਕ ਅਛਰੀ ਛੰਦ- (ਇਕ ਵਾਰ)(189-196 ਕੁੱਲ 8 ਪਾਉੜੀਆਂ) ਹਰੇਕ ਪਾਉੜੀ ਅੰਦਰ 4 ਪੰਕਤੀਆਂ(ਚਰਣ) ਹਨ। ਇਕ ਅਛਰੀ ਛੰਦ ਦਾ ਅਰਥ ਹੈ ਇੱਕ ਅੱਖਰ ਕਿਉਂਕਿ ਹਰੇਕ ਸ਼ਬਦ ਵਿਚ ਇਕ ਮੁੱਖ ਅੱਖਰ ਹੁੰਦਾ ਹੈ- ਕਿਹਾ ਜਾਂਦਾ ਹੈ ਕਿ ਬਾਕੀ ਸਾਰੇ ਛੰਦ ਪਹਿਲਾਂ ਮੌਜੂਦ ਸਨ, ਪਰ ਏਕ ਅਛਰੀ ਛੰਦ ਦੀ ਖੋਜ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਹੀ ਕੀਤੀ ਗਈ ਸੀ। ‘’ਅਜੈ।। ਅਲੈ।। ਅਭੈ।। ਅਬੈ।।੧੮੯।।‘’
ਇਸ ਤਰ੍ਹਾਂ 199 ਛੰਦਾਂ ਦੀ ਇਹ ਛੋਟੀ ਜਿਹੀ ਰਚਨਾ, ਜਿਸ ਵਿਚ ਦਸ ਤਰਾਂ ਦੇ ਛੰਦ ਵਰਤੇ ਗਏ ਹਨ। ਵਧੇਰੇ ਛੰਦ ਬੀਰ ਰਸੀ ਹਨ ਦੇ ਨਾਲ ਇਹ ਰਚਨਾ ਦੀ ਸਮਾਪਤੀ ਕਰਦੇ ਪਾਤਸ਼ਾਹ ਅੱਗੇ ਦਸਮ ਗ੍ਰੰਥ ਦੀ ਦੂਜੀ ਬਾਣੀ ਅਕਾਲ ਉਸਤਤਿ ਦੀ ਰਚਨਾ ਕਰਦੇ ਹਨ।
[1] ਪਿਤਾ ਦਸਮੇਸ਼ ਜੀ ਦੀ ਹੱਥ ਲਿਖਤ ਜਾਪੁ ਬਾਣੀ ਦੀਆਂ ਤਸਵੀਰਾਂ ਕਿਤਾਬ ਦੇ ਅਖੀਰ ਵਿਚ ਲਾਈਆਂ ਗਈਆਂ ਹਨ।
[2] ਕੁਝ ਬੀੜਾਂ ਵਿਚ ਕਿਤੇ ਕਿਤੇ ਇਸ ਮਾਂਗਲਿਕ ਉਕਤੀ ਤੋਂ ਪਹਿਲਾਂ ਜਾਂ ਪਿਛੋਂ ੧ਓ ਸਤਿਗੁਰ ਪ੍ਰਸਾਦਿ ਸੰਖਿਪਤ ਮੂਲ-ਮੰਤ੍ਰ ਵੀ ਅੰਕਿਤ ਹੈ।(ਦਸਮ ਗ੍ਰੰਥ ਟੀਕਾ ਡਾ. ਰਤਨ ਸਿੰਘ ਜੱਗੀ)
[3] ਕੁਝ ਬੀੜਾਂ ਅੰਦਰ ਸ੍ਰੀ ਭਗਉਤੀ ਜੀ ਸਹਾਇ ਨਹੀਂ ਲਿਖਿਆ।
[4] ਕੁਝ ਬੀੜਾਂ ਵਿਚ ਤ੍ਵੈ ਪ੍ਰਸਾਦਿ ਛਪੈ ਛੰਦ ਲਿਖਿਆ ਮਿਲਦਾ ਹੈ।
[5] ਕੁਝ ਗੁਟਕਾ ਸਾਹਿਬਾਨਾਂ ਤੇ ਦਸਮ ਗ੍ਰੰਥ ਬੀੜਾਂ ਵਿਚ ’ਸਾਹਿ ਸਾਹਾਣੁ ਗਣਿੱਜੈ’’ ਲਿਖਿਆ ਮਿਲਦਾ ਹੈ ਤੇ ਕੁਝ ਅੰਦਰ ‘ਸਾਹੁ ਸਾਹਾਣੁ ਗਣਿੱਜੈ’। ਅਰਥ ਦੋਹਾਂ ਸਬਦਾਂ ਦੇ ਇਥੇ ਇਕ ਹੀ ਹਨ। ਦੋਹਾਂ ਦੇ ਅਰਥ ਇਥੇ ਬਾਦਸ਼ਾਹ ਹੀ ਆਉਂਦੇ ਨੇ ਕੁਝ ਵੀ ਸ਼ੰਕਾ ਕਰਨ ਯੋਗ ਨਹੀਂ ਹੈ ਮੂਲ ਸ਼ਬਦ ਸਾਹ ਹੈ ਮਹਾਨ ਕੋਸ਼ ਅਨੁਸਾਰ ਸਾਹ ਦੇ ਅਰਥ ਸੰਗਯਾ-ਸ੍ਵਾਸ, ਦਮ, ‘ਲੇਖੈ ਸਾਹ ਲਵਾਈਅਹਿ.’ ਸ਼ਾਹ, ਬਾਦਸ਼ਾਹ,’ਸਭਿ ਤੁਝਹਿ ਧਿਆਵਹਿ ਮੇਰੇ ਸਾਹ.’ ਸ਼ਾਹੂਕਾਰ ‘ਸਾਹ ਚਲੇ ਵਣਜਾਰਿਆ.’ ਸ੍ਵਾਮੀ(ਪਤਿ),ਸੰ. ਵਿ-ਪ੍ਰਬਲ, ਜੋਰਾਵਰ.(ਮਹਾਨ ਕੋਸ਼ ਪੰਨਾ ੧੬੫)
[6] ਹੇ ਅਕਾਲ ਪੁਰਖ! ਤੇਰੀ ਕਿਰਪਾ ਨਾਲ ਮੈਂ ਇਹ ‘ਜਾਪੁ’ ਬਾਣੀ ਉਚਾਰਦਾ ਹਾਂ। ਹੇ ਅਕਾਲ ਪੁਰਖ! ਤੇਰਾ ਸਰੂਪ ਇਹੋ ਜਿਹਾ ਹੈ ਕਿ ਜਿਸ ਦਾ ਨਾ ਕੋਈ ਚਿਹਨ ਚੱਕ੍ਰ ਹੈ, ਨਾ ਕੋਈ ਨਿਸ਼ਾਨ ਹੈ, ਨਾ ਕੋਈ ਰੰਗ ਹੈ ਤੇ ਨਾ ਕੋਈ ਜਾਤ ਤੇ ਨਾ ਹੀ ਕੋਈ ਕੁਲ(ਗੋਤ) ਹੈ। ਤੇਰਾ ਕਿਹੋ ਜਿਹਾ ਰੂਪ ਹੈ, ਕਿਸ ਤਰ੍ਹਾਂ ਦਾ ਰੰਗ ਹੈ, ਕਿਹੋ ਜਿਹੇ ਰੇਖ ਹਨ ਤੇ ਕਿਹੋ ਜਿਹੇ ਭੇਖ ਹਨ, ਇਸ ਬਾਰੇ ਕੋਈ ਮਨੁੱਖ ਨਹੀਂ ਦੱਸ ਸਕਦਾ। ਤੇਰੀ ਹਸਤੀ ਅਟੱਲ ਹੈ, ਤੇਰਾ ਪ੍ਰਕਾਸ਼ ਤੇਰੇ ਆਪਣੇ ਆਪ ਤੋਂ ਹੈ। ਤੇਰਾ ਬਲ ਅਮਿੱਤ ਕਿਹਾ ਜਾਂਦਾ ਹੈ। ਤੂੰ ਕਰੋੜਾਂ ਇੰਦਰਾਂ ਦਾ ਇੰਦਰ ਤੇ ਕਰੋੜਾਂ ਬਾਦਸ਼ਾਹਾਂ ਦਾ ਬਾਦਸ਼ਾਹ ਗਿਣਿਆ ਜਾਂਦਾ ਹੈ। ਤੂੰ ਤਿੰਨ ਭਵਣਾਂ ਅਕਾਸ਼, ਪਤਾਲ ਤੇ ਮਾਤਲੋਕ ਦਾ ਮਾਲਕ ਹੈਂ। ਦੇਵਤੇ, ਮਨੁੱਖ ਦੈਂਤ ਤੇ ਸਾਰੀ ਬਨਾਸਪਤੀ ਤੈਨੂੰ ਨੇਤਿ ਨੇਤਿ ਭਾਵ ਬੇਅੰਤ ਬੇਅੰਤ ਕਹਿੰਦੀ ਹੈ। ਸਭ ਇਹੋ ਕਹਿੰਦੇ ਹਨ ਕਿ ਤੂੰ ਐਸਾ ਨਹੀਂ, ਇਹੋ ਜਿਹਾ ਨਹੀਂ। ਸੰਸਾਰ ਵਿਚ ਤੇਰੇ ਵਰਗਾ ਕੋਈ ਨਹੀਂ। ਹੇ ਪ੍ਰਭੂ! ਤੇਰੀ ਹਸਤੀ ਨੂੰ ਪੂਰੀ ਤਰ੍ਹਾਂ ਬਿਆਨ ਕਰ ਸਕਣ ਵਾਲਾ ਨਾਮ ਕੋਈ ਨਹੀਂ ਦੱਸ ਸਕਦਾ । ਇਸ ਲਈ ਵਿਦਵਾਨ ਪੁਰਸ਼ਾਂ ਨੇ ਤੇਰੇ ਕਰਮਾਂ ਨੂੰ ਵੇਖ ਕੇ ਤੇਰੇ ਕਰਮ-ਨਾਮਾਂ ਦਾ ਹੀ ਵਰਣਨ ਕੀਤਾ ਹੈ।
[7] ਨਮਸਤੰ ਸੁ ਜੋਗੇ (ਕਉਨੁ ਕਹੈ ਤੁਮ ਤੇ ਕਛੁ ਨਾਹੀ ਤੁਮ ਸਮਰਥ ਅਥਾਹਿਓ।। ਸ੍ਰੀ ਗੁਰੂ ਆਦਿ ਗ੍ਰੰਥ ਸਾਹਿਬ ਜੀ।। ਅੰਗ 1303।।
[8] ( ਹੇ ਅਕਾਲ ਪੁਰਖ! ਤੈਨੂੰ ਨਮਸ਼ਕਾਰ ਹੈ। ਤੂੰ ਕਾਲ ਰਹਿਤ ਤੇ ਕ੍ਰਿਪਾਲੂ ਹੈ। ਤੇਰਾ ਕੋਈ ਇਕ ਰੂਪ ਨਹੀਂ ਤੇ ਤੂੰ ਉਪਮਾ ਰਹਿਤ ਹੈ ਭਾਵ ਤੇਰੇ ਬਰਾਬਰ ਸੰਸਾਰ ਵਿਚ ਹੋਰ ਕੋਈ ਨਹੀਂ।
[9] (ਨਮਸ਼ਕਾਰ ਹੈ ਸੂਰਜਾਂ ਦੇ ਸੂਰਜ ਨੂੰ! ਨਮਸ਼ਕਾਰ ਹੈ ਚੰਦ੍ਰਮਾਂ ਦੇ ਚੰਦ੍ਰਮਾਂ ਨੂੰ ਭਾਵ ਸੂਰਜ ਤੇ ਚੰਦਰਮਾ(ਬੇਸ਼ੱਕ ਚੰਦਰ ਦਾ ਪ੍ਰਕਾਸ਼ ਵੀ ਸੂਰਜ ਤੋਂ ਹੈ ਪਰ ਚੰਦਰ ਦਾ ਦਿਖਣ ਵਾਲਾ ਪ੍ਰਕਾਸ਼ ਜੋ ਸੂਰਜ ਤੋਂ ਹੈ) ਨੂੰ ਰੋਸ਼ਨੀ ਦੇਣ ਵਾਲੇ ਪ੍ਰਭੂ ਨੂੰ ਨਮਸ਼ਕਾਰ ਹੈ। ਹੇ ਪ੍ਰਭੂ! ਤੈਨੂੰ ਨਮਸ਼ਕਾਰ ਹੈ। ਤੂੰ ਰਾਜਿਆਂ ਦਾ ਰਾਜਾ ਹੈਂ ਤੇ ਦੇਵਤਿਆਂ ਦੇ ਰਾਜੇ ਇੰਦਰ ਦਾ ਵੀ ਰਾਜਾ ਹੈ। ਨਮਸ਼ਕਾਰ ਹੈ ਉਸ ਅਕਾਲ ਪੁਰਖ ਨੂੰ , ਜੋ ਘੁੱਪ ਹਨੇਰਾ ਵੀ ਹੈ ਤੇ ਮਹਾਨ ਤੇਜਾਂ ਪ੍ਰਕਾਸ਼ਾਂ ਦਾ ਤੇਜ਼ ਪ੍ਰਕਾਸ਼ ਵੀ ਹੈ। ਹੇ ਪਰਮਾਤਮਾ! ਤੈਨੂੰ ਨਮਸ਼ਕਾਰ ਹੈ। ਤੂੰ ਬੇਅੰਤ ਪ੍ਰਾਣੀਆਂ ਦਾ ਇੱਕਠ ਹੈਂ ਤੇ ਫਿਰ ਸੂਖਮ ਤੋਂ ਸੂਖਮ ਰੂਪ ਵੀ ਤੂੰ ਆਪ ਹੀ ਹੈਂ ਭਾਵ ਦਿਸਦਾ ਤੇ ਅਣਦਿਸਦਾ ਜਗਤ ਸਭ ਉਸੇ ਪ੍ਰਭੂ ਦਾ ਹੀ ਰੂਪ ਹੈ।
[10] (ਇਸ ਤੋਂ ਅੱਗੇ ਆਉਂਦਾ (ਜਗਤੇਸ੍ਵਰ ਹੈਂ।।) ਕਈ ਥਾਂਈ ਸ਼ਿਵ ਜੀ ਤੇ ਵਿਸ਼ਨੂੰ ਜੀ ਨੂੰ ਈਸ਼੍ਵਰ ਕਰ ਕੇ ਲਿਖਿਆ ਜਾਂਦਾ ਤੇ ਮੰਨਿਆ ਜਾਂਦਾ ਹੈ। ਇਸ ਲਈ ਜਗਤੇਸ਼੍ਵਰ ਲਿਖਣ ਦਾ ਭਾਵ ਜਗਤ ਦੇ ਈਸ੍ਵਰਾਂ ਨਾਲੋਂ ਪਰਮ ਸ਼ਕਤੀ ਨੂੰ ਨਿਖੇੜ ਕੇ ਦੱਸਣਾ ਹੈ। ਇਸੇ ਛੰਦ ਵਿਚ ਹੀ ਆਉਂਦਾ ਹੈ ਅਨਟੁਟ ਭੰਡਾਰ ਕੀ ਉਸਦੇ ਭੰਡਾਰਾਂ ਦਾ ਕੋਈ ਅੰਦਾਜਾ ਨਹੀਂ ਲਾਇਆ ਜਾ ਸਕਦਾ। ਸੰਸਾਰ ਭਰ ਵਿਚ ਹਰ ਰੋਜ ਹਰੇਕ ਜੀਵ ਕਿਤਨਾ ਕੁਝ ਖਾ, ਪੀ ਰਿਹਾ ਹੈ ਕਿਤਨੇ ਸੋਨਾ, ਚਾਂਦੀ, ਤਾਂਬਾ, ਪਿੱਤਲ, ਤੇਲ, ਗੈਸ, ਲੱਕੜੀ ਆਦਿਕ ਦੀ ਵਰਤੋਂ ਹੋ ਰਹੀ ਹੈ ਫਿਰ ਵੀ ਖਤਮ ਨਹੀਂ ਹੋ ਰਹੇ।









About the author
Dr. Surjit Singh Germany - Scholar, Author, and Political Commentator
Dr. Surjit Singh is a distinguished scholar and prolific author known for his deep analysis and writings on Punjab's rich history, culture, and contemporary socio-political issues. A prominent voice in the study of Punjab (India), he has made significant contributions to understanding the region's complex dynamics in the 20th century and beyond.
Dr. Singh is the author of two critically acclaimed books: Moosewala Kaun and Panjabnama 20th Century. His work often explores the intersection of Punjab’s evolving identity, political movements, and the legacy of its cultural and religious traditions. He is especially recognized for his thorough research on Sikh history and the socio-political upheavals that have shaped the region’s modern identity.
His passion for exploring the challenges and triumphs of Punjab is evident in his ongoing writings, which touch on issues ranging from Panthak (Sikh religious) ideologies to the complexities of regional politics. As a voice that bridges historical context with present-day concerns, Dr. Surjit Singh continues to engage readers, scholars, and political analysts with his insightful perspectives on Punjab's journey in the modern world.
Through his work, Dr. Singh remains dedicated to shedding light on the past while providing a roadmap for understanding the region’s future trajectory in the global political and cultural arena
