ਅਕਾਲ ਉਸਤਤਿ।।

ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਦੂਸਰੀ ਬਾਣੀ।।

ਜਦੋਂ ਪੰਜਾਬ ਵਿਚ feminism ਆਪਣੀ ਚਰਮ ਸੀਮਾ ਤੇ ਸੀ ਤਾਂ ਮੂਰਖਾਂ ਨੇ ਸ੍ਰੀ ਗੁਰੂ ਆਦਿ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਵੀ ਕਿੰਤੂ ਕੀਤਾ ਕਈ ਕਹਿੰਦੇ ਕਿ ਮੂਲ ਮੰਤਰ ਅੰਦਰ ‘ਕਰਤਾ ਪੁਰਖ’ ਪੁਰਸ਼ ਵਾਚਕ ਹੈ। ਉਹਨਾਂ ਨੇ ਪੁਰਖ ਨੂੰ ਪੁਰਸ਼ ਵਾਚਕ ਬਣਾ ਕੇ ਬਹੁਤ ਡਿਬੇਟਾਂ ਕੀਤੀਆਂ ਬੜੇ ਵੱਡੇ ਵੱਡੇ ਲੇਖ ਲਿਖੇ ਗਏ ਪਰ ਕਰਤਾ ਪੁਰਖ ਜੋ ਹੈ, ਸੀ, ਤੇ ਰਹੇਗਾ ਉਹ ਇਹਨਾਂ ਲੇਖਾਂ ਨਾਲ ਬਦਲਣ ਵਾਲਾ ਨਹੀਂ। ਇਹੀ ਹਾਲ ਇਹਨਾਂ ਮੂਰਖ ਅਰਧ-ਸਿਖਿਅਤਾਂ ਦਾ ਦਸਮ ਪਿਤਾ ਜੀ ਦੀ ਬਾਣੀ ਬਾਬਤ ਹੈ।

ਕਹੂੰ ਜੋਗਿ ਜਤੀ ਬ੍ਰਹਮ ਚਾਰੀ ਨਰ ਕਹੂੰ ਨਾਰ ਹੋ।।

ਕਹੂੰ ਰਾਜਾ ਕਹੂੰ ਰਾਨੀ ਕਹੂੰ ਨਾਰ ਕੇ ਪ੍ਰਕਾਰ ਹੋ।।

ਪਾਤਸ਼ਾਹ ਥਾਂ ਥਾਂ ਅਕਾਲ ਪੁਰਖ ਨੂੰ ਇਸਤਰੀ ਦਰਸਾ ਕੇ ਜਿਹੜੀ ਇਸਤਰੀ ਨੂੰ ਜਗਤ ਦੇ ਹਰੇਕ ਫਿਰਕੇ ਨੇ ਨਕਾਰਿਆ ਉਸ ਨੂੰ ਬਰਾਬਰ ਦੀ ਥਾਂ ਦਿੱਤੀ ਜਿਹੜਾ feminism ਪੱਛਮ ਵਿਚ ਬਰਾਬਰਤਾ ਲਈ ਆਇਆ ਸਾਡੇ ਵਾਲਿਆਂ ਉਸ ਵਿਚ ਕੰਪੀਟੀਸ਼ਨ ਸ਼ੁਰੂ ਕਰ ਦਿੱਤਾ ਗੁਰਮੱਤ ਦਾ ਗਿਆਨ ਨਾ ਹੋਣ ਕਾਰਨ ‘‘ਕਰਤਾ ਪੁਰਖ‘‘ ਪੁਰਸ਼ ਵਾਚ ਬਣਾ ਤਾ ਵਰਨਾ ਜੇ ਗੁਰਮੱਤ ਦਾ ਗਿਆਨ ਹੁੰਦਾ ਤਾਂ ਵਿਦੇਸ਼ੀਆਂ ਦੀ ਨਕਲ ਕਰਨ ਦੀ ਨੌਬਤ ਨਹੀਂ ਆਉਣੀ ਸੀ।

ਵਡਾ ਨ ਹੋਵੈ ਘਾਟ ਨ ਜਾਏ।।[1] ਜਿਤਨਾ ਮਰਜੀ ਮੂਰਖ ਕੂੜ ਪ੍ਰਚਾਰ ਕਰੀ ਜਾਣ ਨਾ ਤੇ ਕੂੜ ਪ੍ਰਚਾਰ ਨਾਲ ਪਾਤਸ਼ਾਹ ਦੀ ਬਾਣੀ ਦਾ ਕੁਝ ਘਟਣਾ ਤੇ ਨਾ ਹੀ ਸਾਡੇ ਜਿਹਿਆਂ ਦੇ ਸਿਫਤ ਰੂਪੀ ਸ਼ਬਦ ਲਿਖਣ ਨਾਲ ਕੁਝ ਵਧਣਾ। ਉਹ ਬੇਅੰਤ ਸਤਿਗੁਰੂ ਦੀ ਬੇਅੰਤ ਰਹਿਮਤ ਸਿੱਖਾਂ ਪੁਰ ਹੈ ਜਿਸ ਵਿਚੋਂ ਕੁਝ ਕੁ ਮੋਤੀ ਚੁਗ ਕੇ ਆਪ ਸੰਗਤਾਂ ਦੇ ਸਾਹਵੇਂ ਰੱਖਣ ਦਾ ਯਤਨ ਕੀਤਾ ਹੈ।

ਅਕਾਲ ਉਸਤਤਿ ਬਾਣੀ ਵਿਚ ਪਿਤਾ ਦਸ਼ਮੇਸ਼ ਜੀ ਨੇ ਅਕਾਲ ਦਾ ਉਹ ਸਵਰੂਪ ਪੇਸ਼ ਕੀਤਾ। ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਵਾਏ ਕਿਸੇ ਵੀ ਧਾਰਮਿਕ ਗ੍ਰੰਥ ਅੰਦਰੋਂ ਨਹੀਂ ਮਿਲਦਾ ਸ਼ਾਮੀ ਧਰਮ ਦੇ ਗ੍ਰੰਥਾਂ ਵਿਚ ਅਕਾਲ ਦਾ ਸਵਰੂਪ ਤਕਰੀਬਨ ਪੁਰਸ਼ ਵਾਚ ਹੀ ਹੈ, ਤੇ ਜੇ ਭਾਰਤੀ ਧਾਰਮਿਕ ਗ੍ਰੰਥਾਂ ਵੱਲ ਝਾਤ ਮਾਰੀਏ ਤਾਂ ਇਥੇ ਵੀ ਤਕਰੀਬਨ[2] ਅਕਾਲ ਪੁਰਖ ਪੁਰਸ਼ ਵਾਚਕ ਹੀ ਮਿਲਦਾ। ਅਕਾਲ ਪੁਰਖ ਨੂੰ ਉਹਨਾਂ ਵੀ ਇਨਸਾਨ ਰੂਪ ਹੀ ਵਰਣਨ ਕੀਤਾ) ਪਿਤਾ ਦਸ਼ਮੇਸ ਦੀ ਦਾ ਨਜਰੀਆ ਅਕਾਲ ਪੁਰਖ ਬਾਬਤ ਅਕਾਲ ਉਸਤਤਿ ਵਿਚ ਬਿਲਕੁਲ ਅਲੱਗ ਹੈ।

ਅਕਾਲ ਉਸਤਤਿ

੧ਓ ਸਤਿਗੁਰ ਪ੍ਰਸਾਦਿ।।

ਸ੍ਰੀ ਭਗਉਤੀ ਜੀ ਸਹਾਇ।।

ਸ੍ਰੀ ਮੁਖਵਾਕ ਪਾਤਿਸ਼ਾਹੀ ੧੦

ਉਤਾਰ ਖਾਸੇ ਦਸਖਤ ਕਾ। ਪਾਤਿਸਾਹੀ ੧੦

‘‘ਅਕਾਲ ਪੁਰਖ ਕੀ ਰੱਛਾ ਹਮਨੈ।। ਸਰਬ ਲੋਹ ਦੀ ਰੱਛਿਆ ਹਮਨੈ।।

ਸਰਬ ਕਾਲ ਜੀ ਦੀ ਰੱਛਿਆ ਹਮਨੈ।। ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨੈ।।‘‘[3]

ਗੁਰੂ ਸਾਹਿਬ ਜੀ ਨੇ ਖਾਲਸਾ ਸਾਜਣ ਤੋਂ ਬਾਅਦ ਉਹਨਾਂ ਨੂੰ ਫੌਲਾਦ ਜਿਹਾ ਮਜਬੂਤ ਬਣਾਉਣ ਲਈ ਉਹਨਾਂ ਨੂੰ ਸਰਬ ਲੋਹ ਦਾ ਵਰਦਾਨ ਦਿੱਤਾ। ਤੇ ਦੱਸਿਆ ਕਿ ਅਕਾਲ ਪੁਰਖ ਸਰਬ ਲੋਹ ਬਣ ਕੇ ਤੁਹਾਡੀ ਰੱਛਿਆ ਕਰੇਗਾ। ਸਰਬਲੋਹ ਸ਼ਸਤਰਾਂ ਦਾ ਪਿਤਾ ਹੈ ਤੇ ਸਰਬਲੋਹ ਅਕਾਲੀ ਸ਼ਕਤੀ ਦਾ ਵੀ ਪ੍ਰਤੀਕ ਹੈ। ਅਕਾਲ ਉਸਤਤਿ ਪਿਤਾ ਦਸ਼ਮੇਸ ਜੀ ਦੀ ਉਹ ਕ੍ਰਿਤ ਹੈ ਜਿਸ ਵਿਚ ਅਕਾਲ ਸ਼ਕਤੀ ਦੇ ਗੁਣ ਗਾਏ ਹਨ। ਬਚਿੱਤਰ ਨਾਟਕ ਦੇ ਮੁਢਲੇ ਅਧਿਆਏ ਦਾ ਨਾਮ ਵੀ  ‘ਸ੍ਰੀ ਕਾਲ ਜੀ ਕੀ ਉਸਤਤਿ‘ ਹੈ। ਇਹ ਬਾਣੀ ਦੀ ਸ਼ੁੱਧ ਕਾਪੀ ਜਦੋਂ ਲਿਖਾਰੀ ਲਿਖਣ ਲੱਗਾ(ਭਾਈ ਮਨੀ ਸਿੰਘ ਜੀ) ਤਾਂ ਉਸ ਨੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਵਜੋਂ ਇਹ ਪਹਿਲੀਆਂ ਸਤਰਾਂ ਲਿਖਵਾਈਆਂ ।[4]

ਇਸ ਕਰਕੇ ਅੱਗੇ ਉਤਾਰਾ ਕਰਨ ਵਾਲਿਆ ਇਸ ਮੁਢਲੇ ਛੰਦ ਬਾਰੇ ਇਹ ਨੋਟ ਦਿੱਤਾਃ- ਉਤਾਰ ਖਾਸੇ ਦਸਖਤ ਕਾ ਅਤੇ ਇਨ੍ਹਾਂ ਚਾਰ ਸਤਰਾਂ ਤੋਂ ਬਾਅਦ ਫਿਰ ਛੋਟਾ ਜਿਹਾ ਨੋਟ – ਆਗੇ ਲਿਖਾਰੀ ਕੇ ਦਸਖਤ—ਹੈ। ਗੁਰੂ ਸਾਹਿਬ ਦੀਆਂ ਰਚੀਆਂ ਤੇ ਖੁਦ ਹੱਥੀਂ ਲਿਖੀਆਂ ਇਹਨਾਂ ਚਾਰ ਪੰਕਤੀਆਂ ਅੰਦਰ ੨ ਵਾਰ ਅਕਾਲ ਪੁਰਖ ਨੂੰ ਸਰਬਲੋਹ ਦਾ ਨਾਮ ਲੈ ਕੇ ਯਾਦ ਕੀਤਾ ਗਿਆ ਹੈ।

 

ਆਗੇ ਲਿਖਾਰੀ ਕੇ ਦਸਖਤ

 ਤ੍ਵਪ੍ਰਸਾਦਿ।। ਚੌਪਈ।।

ਪ੍ਰਣਵੋ ਆਦਿ ਏਕੰਕਾਰਾ।। ਜਲ ਥਲ ਮਹੀਅਲ ਕੀਓ ਪਸਾਰਾ।।

ਆਦਿ ਪੁਰਖ ਅਬਿਗਤ ਅਬਿਨਾਸ਼ੀ।। ਲੋਕ ਚਤੁਰ ਦਸ ਜੋਤਿ ਪ੍ਰਕਾਸ਼ੀ।।੧।।

(ਮੈਂ ਉਸ ਇਕ ਪ੍ਰਭੂ ਨੂੰ ਨਮਸ਼ਕਾਰ ਕਰਦਾ ਹਾਂ ਜੋ ਸਭ ਜੀਵਾਂ ਵਿਚ ਇਕ ਰਸ ਵਿਆਪਕ ਹੈ। ਜੋ ਸਭ ਜੀਵਾਂ ਤੇ ਸ੍ਰਿਸ਼ਟੀ ਦਾ ਮੂਲ ਮੁੱਢ ਹੈ। ਜਿਸ ਨੇ ਧਰਤੀ, ਅਕਾਸ਼ ਤੇ ਪਤਾਲ ਵਿਚ ਆਪਨਾ ਪਸਾਰਾ ਪਸਾਰਿਆ ਹੈ। ਜੋ ਸਭ ਦਾ ਮੂਲ ਹੈ ਤੇ ਸਰਬ ਵਿਆਪਕ ਹੈ।  ਅਦ੍ਰਿਸ਼ ਨਿਰਾਕਾਰ ਹੈ ਤੇ ਨਾਸ ਤੋਂ ਰਹਿਤ ਹੈ। ਜਿਸ ਦੀ ਜੋਤ ਚੌਦ੍ਹਾਂ ਲੋਕਾਂ ਵਿਚ ਆਪਣਾ ਪ੍ਰਕਾਸ਼ ਕਰ ਰਹੀ ਹੈ। ਅੱਗੇ ਪਾਤਸ਼ਾਹ ਕਹਿੰਦੇ ਮੈਂ ਨਮਸ਼ਕਾਰ ਕਰਦਾ ਹਾਂ ਜੋ ਹਾਥੀ ਤੋਂ ਲੈ ਕੇ ਨਿੱਕੇ ਕੀੜੇ ਵਿਚ ਵਸ ਰਿਹਾ ਹੈ। ਜੋ ਧਨਵਾਨ ਤੇ ਨਿਰਧਨ ਨੂੰ ਇਕੋ ਜਿਹਾ ਜਾਣਦਾ ਹੈ। ਜੋ ਦ੍ਵੈਤ ਤੋਂ ਬਿਨਾਂ ਹੈ, ਜਿਸ ਨੂੰ ਜੀਵਾਂ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਜੋ ਨਾਸ ਰਹਿਤ ਹੈ, ਜਿਸ ਦਾ ਕੋਈ ਖਾਸ ਭੇਸ ਨਹੀਂ, ਕੋਈ ਖਾਸ ਰੂਪ ਜਾਂ ਚਿੰਨ੍ਹ ਨਹੀਂ ਜਿਸਦੀ ਕੋਈ ਜਾਤ ਨਹੀਂ, ਜੋ ਵਿਕਾਰਾਂ ਤੋਂ ਰਹਿਤ, ਜਿਸਦਾ ਕੋਈ ਦੁਸ਼ਮਣ, ਮਿੱਤਰ, ਪਿਤਾ ਜਾਂ ਮਾਤਾ ਨਹੀਂ।)

ਸਭ ਕੋ ਕਾਲ ਸਭਨ ਕੋ ਕਰਤਾ।। ਰੋਗ ਸੋਗ ਦੋਖਨ ਕੋ ਹਰਤਾ।।

ਏਕ ਚਿੱਤ ਜਿਹ ਇਕ ਛਿਨ ਧਿਆਇਓ।। ਕਾਲ ਫਾਸ ਕੇ ਬੀਚ ਨ ਆਇਓ।।੧੦।।

(ਮੇਰੀ ਉਸ ਪਰਮਾਤਮਾ ਨੂੰ ਨਮਸ਼ਕਾਰ ਹੈ ਜੋ ਸਭ ਜੀਵਾਂ ਨੂੰ ਨਾਸ ਕਰਨ ਵਾਲੇ ਤੇ ਸਭ ਦਾ ਰਚਨਹਾਰ ਹੈ। ਜੋ ਰੋਗਾਂ,ਸੋਗਾਂ ਤੇ ਦੋਸ਼ਾਂ ਨੂੰ ਦੂਰ ਕਰਨ ਵਾਲਾ ਹੈ। ਜਿਸ ਪੁਰਸ਼ ਨੇ ਐਸੇ ਗੁਣਾਂ ਵਾਲੇ ਪ੍ਰਭੂ ਨੂੰ ਇਕਾਗਰ ਚਿਤ ਹੋ ਕੇ ਥੋੜ੍ਹਾ ਸਮਾਂ ਵੀ ਯਾਦ ਕੀਤਾ ਹੈ, ਉਹ ਪੁਰਸ਼ ਮੁੜਕੇ ਕਾਲ ਦੀ ਫਾਹੀ ਵਿਚ ਨਹੀਂ ਆਇਆ ਭਾਵ ਉਸ ਪੁਰਸ਼ ਦੇ ਮਨ ਵਿਚੋਂ ਮੌਤ ਦਾ ਭੈ ਦੂਰ ਹੋ ਜਾਂਦਾ ਹੈ।)

ਤ੍ਵੈਪ੍ਰਸਾਦਿ।। ਕਬਿੱਤ।।

ਕਤਹੂੰ ਸੁਚੇਤ ਹੁਇਕੈ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੁਇਕੈ ਸੋਵਤ ਅਚੇਤ ਹੋ।।

ਕਤਹੂੰ ਭਿਖਾਰੀ ਹੁਇਕੈ ਮਾਂਗਤ ਫਿਰਤ ਭੀਖ, ਕਹੂੰ ਮਹਾ ਦਾਨ ਹੁਇਕੈ ਮਾਂਗਿਓ ਧਨ ਦੇਤ ਹੋ।।

ਕਹੂੰ ਮਹਾਂ ਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਂ ਰਾਜਨ ਤੇ ਛੀਨ ਛਿਤ ਲੇਤ ਹੋ।।

ਕਹੂੰ ਬੇਦ ਰੀਤ ਕਹੂੰ ਤਾ ਸਿਉ ਬਿਪਰੀਤ, ਕਹੂੰ ਤ੍ਰਿਗੁਨ ਅਤੀਤ ਕਹੂੰ ਸੁਰਗੁਨ ਸਮੇਤ ਹੋ।।

(ਹੇ ਪ੍ਰਭੂ! ਆਪ ਦੇ ਚੋਜ ਬੇਅੰਤ ਹਨ, ਇਨ੍ਹਾਂ ਦਾ ਕੋਈ ਪਾਰ ਨਹੀਂ ਪਾ ਸਕਦਾ, ਕਿਉਂਕਿ ਤੁਸੀ ਕਿਤੇ ਤਾਂ ਬੜੇ ਸੁਚੇਤ ਹੋ ਕੇ ਚੇਤੰਨਤਾ ਦਾ ਪ੍ਰਚਾਰ ਕਰਦੇ ਹੋ ਤੇ ਕਿਤੇ ਬੇਫਿਕਰ ਹੋ ਕੇ ਬੜੀ ਗਹਿਰੀ ਨੀਂਦ ਵਿਚ ਸੁਤੇ ਹੋਏ ਹੋ। ਕਿਤੇ ਤੁਸੀਂ ਮੰਗਤਾ ਬਣਕੇ ਘਰ ਘਰ ਭਿਖਿਆ ਮੰਗਦੇ ਫਿਰਦੇ ਹੋ ਤੇ ਕਿਤੇ ਮਹਾਂ ਦਾਨ ਬਣ ਕੇ ਸਭ ਨੂੰ ਮੂੰਹੋਂ ਮੰਗਿਆ ਧਨ ਦੇਂਦੇ ਹੋ। ਕਿਤੇ ਤਾਂ ਆਪ ਮਹਾਰਾਜਿਆਂ ਨੂੰ ਅੰਤ ਦਾਨ ਦੇਂਦੇ ਹੋ ਤੇ ਕਿਤੇ ਉਹਨਾਂ ਮਹਾਰਾਜਿਆਂ ਤੋਂ ਧਰਤੀ ਦਾ ਰਾਜ ਖੋਹ ਲੈਂਦੇ ਹੋ। ਕਿਤੇ ਤੁਸੀਂ ਵੇਦਾਂ ਦੀ ਮਰਯਾਦਾ ਅਨੁਸਾਰ ਚਲਣ ਵਾਲੇ ਹੋ ਤੇ ਕਿਤੇ ਵੇਦਾਂ ਦੀ ਰੀਤ ਤੋਂ ਉਲਟ ਚਲਦੇ ਹੋ, ਕਿਤੇ ਤੁਸੀਂ ਤਿੰਨਾਂ ਗੁਣਾਂ ਤੋਂ ਬਿਨਾਂ ਹੋ ਤੇ ਕਿਤੇ ਸਾਰੇ ਗੁਣਾਂ ਸਹਿਤ ਹੋ ਅਥਵਾ ਸ੍ਰੇਸ਼ਟ ਗੁਣਾਂ ਸਹਿਤ ਹੋ। )

ਪੂਰੇ ਕਬਿੱਤ ਵਿਚ ਪਾਤਸ਼ਾਹ ਅਕਾਲ ਪੁਰਖ ਨੂੰ ਸੰਬੋਧਿਤ ਹੋ ਕੇ ਵੱਖ ਵੱਖ ਨਾਵਾਂ ਨਾਲ ਪੁਕਾਰਦੇ ਹਨ ਕਿ ਹਰ ਥਾਂਏ ਤੇਰਾ ਹੀ ਵਾਸਾ ਹੈ।

ਇਸ ਕਬਿੱਤ ਤੋਂ ਅੱਗੇ, ਤ੍ਵਪ੍ਰਸਾਦਿ।। ਸੁਧਾ ਸਵੈਯੇ।। ਸ੍ਰਾਵਗ ਸੁੱਧ ਸਮੂਹ ਸਿਧਾਨ ਕੇ। ਜੋ ਅਮ੍ਰਿਤ ਵੇਲੇ ਦੀ ਤੇ ਅਮ੍ਰਿਤ ਤਿਆਰ ਕਰਨ ਦੀ ਤੀਸਰੀ ਬਾਣੀ ਹੈ ਉਹ ਆਉਂਦੀ ਹੈ।

ਜਲੇ ਹਰੀ।। ਥਲੇ ਹਰੀ।। ਉਰੇ ਹਰੀ।। ਬਨੇ ਹਰੀ।।

ਪਾਤਸ਼ਾਹ ਨੇ ਹਰੇਕ ਉਸ ਭਾਗ ਦਾ ਵਰਨਣ ਕੀਤਾ ਜੋ ਇਸ Dimention ਦਾ ਹੀ ਨਹੀਂ ਬਲਕਿ ਇਸਤੋਂ ਅਗਾਂਹ ਵਾਲੀਆਂ Dimentions  ਦਾ ਵੀ ਹਿੱਸਾ ਹੈ ਤੇ ਦੱਸਿਆ ਹੈ ਕਿ ਪ੍ਰਮਾਤਮਾ ਕਿਸ ਕਿਸ ਥਾਂਏ ਹੈ।

ਈਹਾਂ ਹਰੀ।। ਉਹਾਂ ਹਰੀ।। ਜਿਮੀ ਹਰੀ।। ਜਮਾ ਹਰੀ।।

ਉਹ ਜੰਮਦਾ ਮਰਦਾ ਹੀ ਨਹੀਂ ਬਲਕਿ ਕਿਸੇ ਦੀ ਪਾਲਣਾ ਦਾ ਵੀ ਮੁਥਾਜ ਨਹੀਂ ਤੇ ਨਾ ਹੀ ਕੋਈ ਉਸ ਦਾ ਭੇਦ ਪਾ ਸਕਦਾ।

ਅਕਾਲ ਹਰੀ।। ਅਪਾਲ ਹਰੀ।। ਅਛੇਦ ਹਰੀ।। ਅਭੇਦ ਹਰੀ।।

ਇਥੋਂ ਤੱਕ ਪਾਤਸ਼ਾਹ ਆਖਦੇ ਹਨ ਕਿ ਉਸਦਾ ਕੋਈ ਭੋਜਨ ਨਹੀਂ

ਅਤੇਵ ਹਰੀ।। ਅਭੇਵ ਹਰੀ।। ਅਜੇਵ ਹਰੀ।। ਅਛੇਵ ਹਰੀ।।

ਅੱਗੇ ਪਾਤਸ਼ਾਹ ਆਖਦੇ ਕਿ ਇਤਨੇ ਵਿਸ਼ਾਲ ਖੰਡਾ ਬ੍ਰਹਮੰਡਾ ਦੇ ਮਾਲਕ ਦਾ

ਭਜੋ ਹਰੀ।। ਥਪੋ ਹਰੀ।। ਤਪੋ ਹਰੀ।। ਜਪੋ ਹਰੀ।।

ਹਰੀ ਦਾ ਸਿਮਰਨ, ਪੂਜਾ, ਤਪ, ਨਾਮ ਜਪ ਕੇ ਉਸਦੀ ਉਪਮਾ ਕਰੋ ਤੇ ਜੀਵਨ ਸਫਲਾ ਕਰੋ।

ਅਕਾਲ ਉਸਤਤਿ ਅੰਦਰ ਦੌ ਸੌ ਸਾਢੇ ਇਕੱਤਰ ਛੰਦ ਹਨ।

੧੦ ਚੌਪਈ (ਸਰਬ ਵਿਆਪਕ ਜੋਤ ਦਾ ਸਾਰੇ ਪਾਸੇ ਪਸਾਰਾ ਹੈ)

ਅਨਹਦ ਰੂਪ ਅਨਾਹਦ ਬਾਨੀ।। ਚਰਨ ਸ਼ਰਨ ਜਿਹ ਬਸਤ ਭਵਾਨੀ।। ਬ੍ਰਹਮਾ ਬਿਸ਼ਨ ਅੰਤੁ ਨਹੀ ਪਾਇਓ।। ਨੇਤਿ ਨੇਤਿ ਮੁਖ ਚਾਰ ਬਤਾਇਓ, (ਅਕਾਲ ਪੁਰਖ ਦਾ ਸਾਰੇ ਪਾਸੇ ਪਸਾਰਾ ਹੈ ਦੇਵੀਆਂ ਜਿਵੇਂ ਕਿ ਭਵਾਨੀ ਆਦਿ ਇਹ ਉਸ ਦੀਆਂ ਸੇਵਾਦਾਰ ਹਨ ਬ੍ਰਹਮੇ ਤੇ ਵਿਸਨੂੰ ਵਰਗੇ ਜਿਸਨੂੰ ਲੋਕ ਸ੍ਰਿਸ਼ਟੀ ਦਾ ਕਰਤਾ ਆਖਦੇ ਨੇ ਉਹ ਵੀ ਅਕਾਲ ਪੁਰਖ ਦੇ ਸੇਵਾਦਾਰ ਹਨ ਤੇ ਉਸਦਾ ਅੰਤ ਨਹੀਂ ਪਾ ਸਕੇ  )

੧੦ ਕਬਿੱਤ (ਸਰਬ ਕਾਲ ਸਰਬ ਠਉਰ ਏਕ ਸੇ ਲਗਤ ਹੋ।।  ਕਹੂੰ ਹੁਇਕੈ ਹਿੰਦੂਆ ਗਾਇਤ੍ਰੀ ਕੋ ਗੁਪਤ ਜਪਿਓ ਕਹੂੰ ਹੁਇਕੈ ਤੁਰਕਾ ਪੁਕਾਰੇ ਬਾਂਗ ਦੇਤ ਹੋ, ( ਇਹ ਕਹਿਕੇ ਹਰੇਕ ਫਿਰਕੇ, ਧਰਮ ਅੰਦਰ ਉਹੀ ਸਰਬ ਵਿਆਪਕ ਹਸਤੀ ਦੀ ਵਿਆਖਿਆ ਕੀਤੀ ਹੈ)

੧੦ ਸਵੱਈਏ ( ਸ੍ਰਾਵਗ ਸੁੱਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰ ਜੋਗ ਜਤੀ ਕੇ।। ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ।।ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਨ ਦੇਖੀਅਤ ਪ੍ਰਾਨਪਤੀ ਕੇ।। ਸ੍ਰੀ ਭਗਵਾਨ ਕੀ ਭਾਈ ਕ੍ਰਿਪਾ ਹੂੰ ਤੇ ਏਕ ਰਤੀ ਬਿਨੁ ਏਕ ਰਤੀ ਕੇ।। (ਕਰਮਕਾਂਡੀਆਂ ਤੇ ਰਾਜਸੀ ਬਲ ਦੇ ਦਾਅਵੇਦਾਰਾਂ ਦਾ ਖੰਡਨ ਕਰਕੇ ਪ੍ਰੇਮ ਮਾਰਗ ਦਾ ਹੌਕਾ ਦਿੱਤਾ ਹੈ।।)

੨੦ ਤੋਮਰ ਛੰਦ ( ਜਿਹ ਕੀਨ ਜਗਤ ਪਸਾਰ।। ਰਚਿਓ ਬਿਚਾਰ ਬਿਚਾਰ।। ਅਨੰਤ ਰੂਪ ਅਖੰਡ।। ਅਤੁਲ ਪ੍ਰਤਾਪ ਪ੍ਰਚੰਡ।।੬।।੩੬।। ਜਿਹ ਅੰਡ ਤੇ ਬ੍ਰਹਮੰਡ।। ਕੀਨੇ ਸੁ ਚੌਦਹ ਖੰਡ।। ਸਭ ਕੀਨ ਜਗਤ ਪਸਾਰ।। ਅਬਿਯਕਤ ਰੂਪ ਉਦਾਰ।।੭।।੩੭।। (ਜਿਸ ਨੇ ਇਸ ਸ੍ਰਿਸ਼ਟੀ ਦਾ ਪਸਾਰ ਪਸਾਰਿਆ ਹੈ ਤੇ ਹਰੇਕ ਦੀ ਰਚਨਾ ਬੜੀ ਸੋਚ ਵਿਚਾਰ ਨਾਲ ਕੀਤੀ ਹੈ, ਉਸ ਦਾ ਅੰਤ ਕੋਈ ਨਹੀਂ ਪਾ ਸਕਦਾ, ਉਹ ਨਾ ਖੰਡੇ ਜਾਣ ਵਾਲੇ ਰੂਪ ਵਾਲਾ ਹੈ। ਉਸਦਾ ਪ੍ਰਤਾਪ ਬੜਾ ਪ੍ਰਚੰਡ ਹੈ ਤੋ ਤੋਲ ਰਹਿਤ ਹੈ। ਉਸ ਪਰਮਾਤਮਾ ਨੇ ਇੱਕ ਆਂਡੇ ਤੋਂ ਬ੍ਰਹਿਮੰਡ ਦੀ ਰਚਨਾ ਕੀਤੀ ਹੈ ਤੇ ਇਸ ਬ੍ਰਹਿਮੰਡ ਵਿਚ ਚੌਦਾਂ ਖੰਡ ਭਾਵ ਹਿੱਸੇ ਬਣਾਏ ਹਨ। ਉਸ ਨੇ ਸਾਰੀ ਸ੍ਰਿਸ਼ਟੀ ਦਾ ਪਸਾਰਾ ਪਸਾਰਿਆ ਹੈ ਤੇ ਉਹ ਦੇਹ[5] ਤੋਂ ਰਹਿਤ ਤੇ ਦਿਆਲੂ ਹੈ।।  ਇਹਨਾਂ ਛੰਦਾਂ ਦਾ ਵਿਸ਼ਾ ‘‘ਬਿਨ ਏਕ ਨਾਮ ਅਧਾਰ। ਸਭ ਕਰਮ, ਭਰਮ ਬਿਚਾਰ ਹੈ।‘‘

੨੦ ਲਘੂ ਨਿਰਾਜ ਛੰਦ (ਰੱਬੀ ਵਿਆਪਕਤਾ ਦਾ ਨਿਜੀ ਅਨੁਭਵ ਤੂ ਹੀ ਤੂ ਹੀ ਕਹਕੇ ਗਾਇਆ ਹੈ।

ਜਲੇ ਹਰੀ।। ਥਲੇ ਹਰੀ।। ਉਰੇ ਹਰੀ।। ਬਨੇ ਹਰੀ।। ਜਲ ਵਿਚ ਤੇ ਥਲ ਧਰਤੀ ਵਿਚ ਹਰੀ ਦਾ ਨਿਵਾਸ ਹੈ। ਹਰ ਹਿਰਦੇ ਵਿਚ ਹਰੀ ਵਸਦਾ ਹੈ ਤੇ ਜੰਗਲਾਂ ਵਿਚ ਵੀ ਹਰੀ ਦਾ ਨਿਵਾਸ ਹੈ।।

ਜਤਸ ਤੁਹੀ।। ਬ੍ਰਤਸ ਤੁਹੀ।। ਗਤਸ ਤੁਹੀ।। ਮਤਸ ਤੁਹੀ।। (ਹੇ ਕਰਤਾ ਪੁਰਖ! ਜਤ ਤੂੰ ਹੈਂ, ਬ੍ਰਤ ਤੂੰ ਹੈਂ, ਗਤੀ ਤੂੰ ਹੈਂ ਤੇ ਮੁਕਤੀ ਤੂੰ ਹੈਂ।।

ਤੁਹੀ ਤੁਹੀ।। ਤੁਹੀ ਤੁਹੀ।। ਤੁਹੀ ਤੁਹੀ।। ਤੁਹੀ ਤੁਹੀ।।੧੯।।੬੯।।

ਤੁਹੀ ਤੁਹੀ।। ਤੁਹੀ ਤੁਹੀ।। ਤੁਹੀ ਤੁਹੀ।। ਤੁਹੀ ਤੁਹੀ।।੨੦।।੭੦।। (ਸ੍ਰੀ ਸਤਿਗੁਰੂ ਜੀ ਪਰਮੇਸ਼ਰ ਦੀ ਉਸਤਤੀ ਲਿਖਦਿਆਂ ਲਿਖਦਿਆਂ ਐਸੈ ਮਹਾਂ ਅਨੰਦ ਵਿਚ ਮਗਨ ਹੋਏ ਕਿ ਆਪ ਦੀ ਲੇਖਣੀ ਸੋਲਾਂ ਵਾਰੀ ਤੁਹੀ ਤੁਹੀ ਲਿਖੀ ਗਈ। ਇਸ ਦਾ ਭਾਵ ਇਹ ਹੈ ਕਿ ਹੇ ਪ੍ਰਭੂ! ਹਰ ਪ੍ਰਾਣੀ ਵਿਚ, ਜਲ ਵਿਚ, ਥਲ ਵਿਚ,ਧਰਤੀ ਤੇ ਅਕਾਸ਼ ਵਿਚ, ਖੰਡਾਂ ਬ੍ਰਹਿਮੰਡਾਂ ਵਿਚ, ਖਾਣੀਆਂ ਵਿਚ ਤੇ ਬਾਣੀਆਂ ਵਿਚ, ਬ੍ਰਿਛਾਂ, ਬੂਟਿਆਂ, ਵਣਾਂ ਤੇ ਪਰਬਤਾਂ ਵਿਚ ਤੇਰਾ ਹੀ ਨਿਵਾਸ ਹੈ। ਜੋ ਕੁਛ ਦਿਸਦਾ ਹੈ, ਇਹ ਸਭ ਤੇਰਾ ਹੀ ਰੂਪ ਹੈ। ਤੂੰ ਘਟ ਘਟ ਵਿਚ ਵੱਸਦਾ ਹੈਂ। ਤੂੰ ਸਰਬ ਵਿਆਪਕ ਹੈਂ। ਕੋਈ ਜਗ੍ਹਾਂ ਤੇਰੇ ਤੋਂ ਖਾਲੀ ਨਹੀਂ।। ਜਿਸ ਤਰ੍ਹਾਂ ਕਿਸੇ ਵਕਤ ਅਨੰਦ ਵਿਚ ਮਗਨ ਹੋਏ ਪਹਿਲੀ ਜੋਤ ਵਿਚ ਤੇਰਾ ਤੇਰਾ ਤੋਂ ਅਗਾਂਹ ਸੁਰਤ ਨਹੀਂ ਗਈ ਇਥੇ ਤੁਹੀ ਤੁਹੀ ਤੇ ਆ ਕੇ ਸੁਰਤ ਫਿਰ ਇਕ ਅਨੰਦ ਵਿਚ ਮਗਨ ਹੋ ਗਈ।

੨੦ ਕਬਿੱਤ (ਪਾਖੰਡਵਾਦ, ਦੰਭੀ ਮਤਾਂਤਰਾਂ ਉਤੇ ਸਖਤ ਵਿਅੰਗਮਈ ਆਲੋਚਨਾ ਹੈ। ਕਬਿੱਤ ਦਾ ਪਹਿਲਾ ਹੀ ਛੰਦ – ਖੂਕ ਮਲਹਾਰੀ ਗਜ ਗਦਹਾ ਬਿਭੂਤ ਧਾਰੀ ਗਿਦੂਆ ਮਸਾਨ ਬਾਸ ਕਰਿਓਈ ਕਰਤ ਹੈ।। ਘੁਘੂ ਮਟ ਬਾਸੀ ਲਗੇ ਡੋਲਤ ਉਦਾਸੀ ਮ੍ਰਿਗ ਤਰਵਰ ਸਦੀਵ ਮੋਨ ਸਾਧੇ ਈ ਮਰਤ ਹੈ।। ਬਿੰਦ ਕੇ ਸਧੱਯਾ  ਤਾਹਿ ਹੀਜ ਕੀ ਬਡੱਯਾ ਦੇਤ ਬੰਦਰਾ ਸਦੀਵ ਪਾਇ ਨਾਗੇ ਹੀ ਫਿਰਤ ਹੈ।। ਅੰਗਨਾ ਅਨੀਨ ਕਾਮ ਕ੍ਰੋਧ ਮੈ ਪ੍ਰਬੀਨ ਏਕ ਗਯਾਨ ਕੇ ਬਿਹੀਨ ਛੀਨ ਕੈਸੇ ਕੇ ਤਰਤ ਹੈ।।੧।।੭੧।।(ਜੇ ਸਾਧੂ ਬਣਕੇ ਗੰਦਗੀ ਖਾਣ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਸੂਰ ਹਰ ਵੇਲੇ ਗੰਦਗੀ ਹੀ ਖਾਂਦਾ ਹੈ। ਜੇ ਸਰੀਰ ਤੇ ਸੁਆਹ ਜਾਂ ਖੇਹ ਮਲਿਆਂ ਪ੍ਰਭੂ ਮਿਲਦਾ ਹੋਵੇ ਤਾਂ ਹਾਥੀ ਤੇ ਖੋਤਾ ਸਦਾ ਖੇਹ ਵਿਚ ਹੀ ਲੇਟਦੇ ਹਨ। ਜੇ ਮੜ੍ਹੀਆਂ ਮਸਾਣਾਂ ਵਿਚ ਰਹਿਆਂ ਪਰਮਾਤਮਾ ਦਾ ਮਿਲਾਪ ਹੁੰਦਾ ਹੋਵੇ ਤਾਂ ਬਿੱਜੂ ਸਦਾ ਮਸਾਣਾਂ। ਵਿਚ ਹੀ ਰਿਹੰਦਾ ਹੈ। ਜੇ ਮਠਾਂ ਵਿਚ ਵਸਿਆਂ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਉੱਲੂ ਸਦਾ ਮਠਾਂ ਵਿਚ ਹੀ ਰਹਿੰਦੇ ਹਨ। ਉਦਾਸ ਰਹਿਣ ਨਾਲ ਜੇ ਪਰਮਾਤਮਾ ਮਿਲਦਾ ਹੋਵੇ ਤਾਂ ਹਿਰਨ ਸਦਾ ਉਦਾਸੀ ਵਿਚ ਹੀ ਭਟਕਦੇ ਫਿਰਦੇ ਹਨ। ਜੇ ਮੋਨ ਚੁਪ ਧਾਰਨ ਨਾਲ ਪਰਮੇਸ਼ਰ ਦਾ ਮੇਲ ਹੁੰਦਾ ਹੋਵੇ ਤਾਂ ਬ੍ਰਿਛ ਸਦਾ ਚੁਪ ਧਾਰਨ ਕੀਤਿਆਂ ਹੀ ਨਾਸ਼ ਹੋ ਜਾਂਦੇ ਹਨ। ਜੇ ਵੀਰਜ ਦੇ ਰੋਕਣ ਨਾਲ ਭਾਵ ਜਤੀ ਰਹਿਣ ਨਾਲ ਪ੍ਰਭੂ ਮਿਲਦਾ ਹੋਵੇ ਤਾਂ ਇਹ ਵਡਿਆਈ ਖੁਸਰੇ ਨੂੰ ਮਿਲਣੀ ਚਾਹੀਦੀ ਹੈ। ਜੇ ਨੰਗੇ ਪੈਰੀਂ ਫਿਰਿਆਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਬਾਂਦਰਾਂ ਦੇ ਝੁੰਡਾਂ ਦੇ ਝੁੰਡ ਸਦਾ ਵਣਾਂ ਵਿਚ ਨੰਗੇ ਪੈਰੀਂ ਫਿਰਦੇ ਹਨ। ਫਿਰ ਤਾਂ ਸਭ ਤੋਂ ਪਹਿਲਾਂ ਖੁਸਰਿਆਂ ਤੇ ਬਾਦਰਾਂ ਨੂੰ ਪ੍ਰਭੂ ਮਿਲਣਾ ਚਾਹੀਦਾ ਹੈ। ਜਿਹੜੇ ਕਾਮੀ ਪੁਰਸ਼ ਇਸਤ੍ਰੀ ਦੇ ਗੁਲਾਮ ਹਨ ਤੇ ਹਰ ਸਮੇਂ ਕਰੋਧੀ ਰਹਿੰਦੇ ਹਨ, ਉਹ ਗਿਆਨ ਤੋਂ ਰਹਿਤ ਨੀਵੇਂ ਪੁਰਸ਼ ਕਿਵੇਂ ਤਰ ਸਕਦੇ ਹਨ? ਭਾਵ ਅਗਿਆਨੀ ਪੁਰਸ਼ ਭੈੜੇ ਕਰਮਾਂ ਵਿਚ ਲੱਗਕੇ ਮੁਕਤੀ ਪ੍ਰਾਪਤ ਨਹੀਂ ਕਰ ਸੋਕਦੇ।

੩੦ ਭੁਯੰਗ ਛੰਦ- ਅੱਧੇ ਛੰਦ ਇਹ ਦਰਸਾਉਂਦੇ ਹਨ ਕਿ ਅਕਾਲ ਪੁਰਖ(ਰੱਬ) ਇਹ ਨਹੀਂ ਹੈ, ਤੇ ਅੱਧੇ ਛੰਦ ਇਹ ਦੱਸਦੇ ਹਨ ਕਿ ਰੱਬ ਇਹ ਹੈ।

ਨ ਰਾਗੰ ਨ ਰੰਗੰ ਨ ਰੂਪੰ ਨ ਰੇਖੰ।। ਨ ਮੋਹੰ ਨ ਕ੍ਰੋਹੰ ਨ ਦ੍ਰੋਹੰ ਨ ਦ੍ਵੈਖੰ।।

ਨ ਕਰਮੰ ਨ ਭਰਮੰ ਨ ਜਨਮੰ ਨ ਜਾਤੰ।। ਨ ਮਿੱਤ੍ਰੰ ਨ ਸ਼ੱਤ੍ਰੰ ਨ ਪਿੱਤ੍ਰੰ ਨ ਮਾਤੰ।।੧।। ੯੧।। (ਉਸ ਅਕਾਲ ਪੁਰਖ ਦਾ ਨਾ ਕਿਸੇ ਨਾਲ ਰਾਗ ਮੋਹ-ਪਿਆਰ ਹੈ, ਨਾ ਉਸ ਦਾ ਕੋਈ ਰੰਗ ਹੈ, ਨਾ ਕੋਈ ਰੂਪ ਹੈ ਤੇ ਨਾ ਹੀ ਕੋਈ ਰੇਖ ਹੈ। ਨਾ ਉਸਦਾ ਕਿਸੇ ਨਾਲ ਮੋਹ ਹੈ, ਨਾ ਕਿਸੇ ਨਾਲ ਉਸ ਨੂੰ ਕ੍ਰੋਧ ਗੁੱਸਾ ਹੈ, ਨਾ ਉਹ ਕਿਸੇ ਨਾਲ ਧ੍ਰੋਹ ਕਰਦਾ ਹੈ ਤੇ ਨਾ ਕਿਸੇ ਨਾਲ ਉਸਨੂੰ ਦ੍ਵੈਸ਼ ਹੈ। ਉਸ ਲਈ ਕੋਈ ਕਰਮ ਨਹੀਂ, ਨਾ ਉਸ ਨੰ ਕੋਈ ਰਮ ਹੈ, ਨਾ ਉਸ ਦਾ ਜਨਮ ਹੁੰਦਾ ਹੈ ਤੇ ਨਾ ਉਸਦੀ ਕੋਈ ਜਾਤ ਹੈ। ਉਸ ਪ੍ਰਭੂ ਦਾ ਨਾ ਕੋਈ ਮ੍ਰਿੱਤ ਹੈ ਨਾ ਕੋਈ ਦੁਸ਼ਮਨ ਹੈ, ਨਾ ਉਸਦਾ ਕੋਈ ਪਿਤਾ ਹੈ ਤੇ ਨਾ ਉਸਦੀ ਕੋਈ ਮਾਤਾ ਹੈ। ਪਹਿਲੇ ਛੰਦ ਤੋਂ ਸ਼ੁਰੂ ਹੋ ਕੇ ਅਗਲੇ ਪੰਦਰਾਂ ਛੰਦ ਇਸੇ ਲੜੀ ਨੂੰ ਜੋੜਦੇ ਤੁਰੇ ਜਾਂਦੇ ਹਨ ਕਿ ਪ੍ਰਮਾਤਮਾ ਕੀ ਨਹੀਂ ਹੈ।

ਕਹੂੰ ਕੰਜ ਕੇ ਮੰਜ ਕੇ ਭਰਮ ਭੂਲੇ।। ਕਹੂੰ ਰੰਕ ਕੇ ਰਾਜ ਕੇ ਧਰਮ ਅਲੂਲੇ।।

ਕਹੂੰ ਦੇਸ ਕੇ ਭੇਸ ਕੇ ਧਰਮ ਧਾਮੇ।। ਕਹੂੰ ਰਾਜ ਕੇ ਸਾਜ ਕੇ ਬਾਜ ਤਾਮੇ।।੧੬।।੧੦੬।।(ਉਹ ਪ੍ਰਭੂ ਕਿਤੇ ਕੌਲ ਫੁਲ ਵਿਚ ਸੁਗੰਧੀ ਹੋ ਕੇ ਰਮ ਰਿਹਾ ਹੈ, ਕਿਤੇ ਭੌਰਾ ਬਣਕੇ ਉਸ ਸੁਗੰਧੀ ਦਾ ਰਸ ਲੈ ਰਿਹਾ ਹੈ। ਕਿਤੇ ਉਹ ਕੰਗਾਲ ਦੇ ਸੁਭਾਅ ਵਿਚ ਸਥਿਰ ਹੈ ਤੇ ਕਿਤੇ ਰਾਜ ਦੇ ਧਰਮ ਰਾਜਨੀਤੀ ਵਿਚ ਟਿਕ ਰਿਹਾ ਹੈ। ਕਿਤੇ ਦੇਸ ਦੇ ਧਰਮ ਦਾ ਧਾਮ ਹੈ, ਕਿਤੇ ਭੇਸ ਦੇ ਫਰਜ਼ ਦਾ ਘਰ ਹੈ। ਕਿਤੇ ਰਾਜ ਦਾ ਸਾਜ ਬਣ ਰਿਹਾ ਹੈ ਤੇ ਕਿਤੇ ਬਾਜ ਹੈ ਤੇ ਕਿਤੇ ਬਾਜ ਦਾ ਖਾਣਾ ਬਣ ਰਿਹਾ ਹੈ।। ਇਹ ਲੜੀ ੧੬ ਵੇਂ ਛੰਦ ਤੋਂ ਸ਼ੁਰੂ ਹੋ ਕੇ ਤੀਹਵੇਂ ਛੰਦ ਜੁੜੀ ਜਾਂਦੀ ਹੈ ਕਿ ਰੱਬ ਹੈ ਕੀ।

੨੦ ਪਾਧੜੀ ਛੰਦ (ਰੱਬ ਕੀ ਨਹੀਂ ਤੇ ਕੀ ਹੈ ਤੋਂ ਬਾਅਦ ਅੱਗੇ ਇਸ ਛੰਦ ਵਿਚ ਫਿਰ ਕਰਮਕਾਂਡ ਉੱਪਰ ਚੋਟ ਕੀਤੀ ਕਿ ਕਿਤੇ ਪਿਛਲੇ ਛੰਦ ਨੂੰ ਪੜ੍ਹ ਕੇ ਇਹ ਨਾ ਨਿਰਣਾ ਕਰ ਲਿਆ ਜਾਵੇ ਕਿ ਜੇ ਹਰੇਕ ਅੰਦਰ ਹੀ ਰੱਬ ਹੈ ਤਾਂ ਫਿਰ ਕਰਮਕਾਂਡ ਵੀ ਉਸੇ ਵਿਚੋਂ ਇਕ ਹੀ ਹੈ। ਕਰਮਕਾਂਡ ਤੇ ਰੱਬ ਵਿਚਲੇ ਫਰਕ ਦਾ ਅੰਤਰ ਇਸ ਛੰਦ ਵਿਚ ਹੈ।

ਬਿਨ ਭਗਤਿ ਸਕਤਿ ਨਹੀ ਪਰ ਪਾਨ।। ਬਹੁ ਕਰਤ ਹੋਮ ਅਰ ਜੱਗ ਦਾਨ।।

ਬਿਨ ਏਕ ਨਾਮ ਇਕ ਚਿੱਤ ਲੀਨ।। ਫੋਕਟੋ ਸਰਬ ਧਰਮਾ ਬਿਹੀਨ।।੨੦।।੧੪੦।। (ਭਗਤੀ ਦੀ ਸ਼ਕਤੀ ਤੋਂ ਬਿਨਾਂ ਉਹ ਪ੍ਰਭੂ ਕਿਸੇ ਦੇ ਹੱਥ ਨਹੀਂ ਆਉਂਦਾ। ਉਸ ਦੀ ਪ੍ਰਾਪਤੀ ਵਾਸਤੇ ਭਾਵੇਂ ਬਥੇਰੇ ਹੋਮ ਤੇ ਜੱਗ ਕੀਤੇ ਜਾਣ ਜਾਂ ਦਾਨ ਦਿੱਤੇ ਜਾਣ। ਇਕ ਪਰਮੇਸ਼ਰ ਦੇ ਨਾਮ ਵਿਚ ਮਨ ਲੀਨ ਹੋਣ ਤੋਂ ਬਿਨਾਂ ਹੋਰ ਜਿੰਨੇ ਵੀ ਕਰਮ ਧਰਮ ਹਨ, ਉਹ ਸਾਰੇ, ਫੋਕਟ ਤੇ ਨਿਕੰਮੇ ਹਨ।

੨੦ ਤੋਟਕ ਛੰਦ (ਪਿਛਲੇ ਛੰਦ ਅੰਦਰ ਕਰਮਕਾਂਡ ਤੇ ਉਸਦੀ ਪ੍ਰੇਮਾਂ ਭਗਤੀ ਵਿਚਲਾ ਅੰਦਰ ਸਮਝਾ ਕੇ ਇਸ ਛੰਦ ਵਿਚ ਫਿਰ ਉਸੇ ਪ੍ਰਭੂ ਦੀ ਜੈ ਜੈਕਾਰ ਕੀਤੀ ਗਈ ਹੈ ਜੋ ਸਭ ਦਾ ਕਰਤਾ ਹੈ।

ਜੈ ਜੰਪਹੁ ਜੁੱਗਣ ਜੂਹ ਜੁਅੰ।। ਭੈ ਕੰਪਹੁ ਮੇਰ ਪਯਾਲ ਭੁਅੰ।। ਤਪ ਤਾਪਸ ਸਰਬ ਜਲੇਰੁ ਥਲੰ।। ਧਨ ਉਚਰਤ ਇੰਦ੍ਰ ਕੁਬੇਰ ਬਲੰ।।੧।।੧੪੧।। (ਬਹੁਤ ਸਾਰੇ ਪੁਰਸ਼ ਆਪੋ ਵਿਚ ਮਿਲਕੇ ਭਾਵ ਸੰਗਤ ਬਣਾਕੇ ਪ੍ਰਭੂ ਦੀ ਜੈ ਜੈ ਕਾਰ ਕਰਦੇ ਹਨ, ਉਸ ਦੇ ਡਰ ਕਰਕੇ ਸੁਮੇਰ ਪਰਬਤ, ਪਤਾਲ ਤੇ ਧਰਤੀ ਕੰਬਦੇ ਹਨ। ਉਸ ਦੀ ਪ੍ਰਾਪਤੀ ਲਈ ਬਹੁਤ ਸਾਰੇ ਜਲਾਂ ਥਲਾਂ ਦੇ ਵਾਸੀ ਤਪ ਕਰਦੇ ਹਨ। ਉਸ ਨੂੰ ਇੰਦਰ, ਕੁਬੇਰ ਤੇ ਬਲੀ ਰਾਜਾ ਧੰਨ ਧੰਨ ਕਹਿੰਦੇ ਹਨ।

੨੦ ਨਰਾਜ ਛੰਦ (ਉਹ ਜੋਤ ਸਭ ਅੰਦਰ ਏਕ ਸਮਾਨ ਰਮੀ ਹੋਈ ਹੈ ਜਿਸਦਾ ਨਾ ਕੋਈ ਰੂਪ ਨ ਰੇਖ ਹੈ।

ਜਿਮੀ ਜ਼ਮਾਨ ਕੇ ਬਿਖੈ ਸਮੱਸਤ ਏਕ ਜੋਤ ਹੈ।। ਨ ਘਾਟ ਹੈ ਨ ਬਾਢ ਹੈ ਨ ਘਾਟ ਬਾਢ ਹੋਤ ਹੈ।।

ਨ ਹਾਨ ਹੈ ਨ ਬਾਨ ਹੈ ਸਮਾਨ ਰੂਪ ਜਾਨੀਐ।। ਮਕੀਨ ਔ ਮਕਾਨ ਅਪ੍ਰਮਾਨ ਤੇਜ ਮਾਨੀਐ।।੬।।੧੬੬।। (ਜ਼ਮੀਨ ਤੇ ਅਕਾਸ਼ ਦੇ ਸਾਰੇ ਜੀਵਾਂ ਵਿਚ ਉਸ ਪ੍ਰਭੂ ਦੀ ਇਕੋ ਜੋਤ ਪ੍ਰਕਾਸ਼ ਕਰ ਰਹੀ ਹੈ। ਉਸ ਜੋਤ ਦਾ ਪ੍ਰਕਾਸ਼ ਨਾ ਘਟਦਾ ਹੈ, ਨਾ ਵਧਦਾ ਹੈ। ਉਹ ਪ੍ਰਕਾਸ਼ ਸਦਾ ਇਕ ਰਸ ਰਹਿੰਦਾ ਹੈ, ਘਟਦਾ ਵਧਦਾ ਨਹੀਂ। ਉਸ ਪ੍ਰਕਾਸ਼ ਦੀ ਨਾ ਹਾਨੀ ਹੁੰਦੀ ਹੈ, ਨਾ ਉਸ ਵਿਚ ਕੋਈ ਘਾਟ ਹੁੰਦੀ ਹੈ। ਹਰ ਸਥਾਨ ਵਿਚ ਸਮਾਨ ਰੂਪ ਜਾਣਿਆ ਜਾਂਦਾ ਹੈ ਅਤੇ ਉਸ ਦੇ ਪ੍ਰਕਾਸ਼ ਦਾ ਅਪਾਰ ਤੇਜ ਮੰਨਿਆ ਜਾਂਦਾ ਹੈ।

੨੦ ਰੂਆਮਲ ਛੰਦ (ਜਿਤਨੇ ਮਰਜੀ ਯਤਨ ਕੀਤੇ ਜਾਣ ਉਸਦਾ ਅੰਤ ਨਹੀਂ ਪਾਇਆ ਜਾ ਸਕਦਾ)

ਦੇਵ ਭੇਵ ਨ ਜਾਨਹੀ ਜਿਹ ਮਰਮ ਬੇਦ ਕਤੇਬ।। ਸਨਕ ਅਉ ਸਨਕੇਸ ਨੰਦਨ ਪਾਵਹੀ ਨ ਹਿਸੇਬ।।

ਜੱਛ ਕਿੰਨਰ ਮੱਛ ਮਾਨਸ ਮੁਰਗ ਉਰਗ ਅਪਾਰ।। ਨੇਤਿ ਨੇਤਿ ਪੁਕਾਰਹੀ ਸ਼ਿਵ ਸੱਕ੍ਰ ਔ ਮੁਖ ਚਾਰ।।੩।।੧੮੩।।(ਉਸ ਅਕਾਲ ਪੁਰਖ ਦੇ ਭੇਦ ਨੂੰ ਦੇਵਤੇ ਵੀ ਨਹੀਂ ਜਾਣਦੇ ਤੇ ਵੇਦ ਤੇ ਕਤੇਬ ਵੀ ਉਸ ਦੇ ਰਹਿਸ ਨੂੰ ਨਹੀਂ ਪਾ ਸਕਦੇ। ਸ਼ੋਨਕ ਰਿਸ਼ੀ ਤੇ ਬ੍ਰਹਮਾ ਦੇ ਪੁੱਤਰ ਨਾਰਦ ਆਦਿ ਵੀ ਉਸ ਦੇ ਹਿਸਾਬ ਲੇਖੇ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜੱਛ, ਕਿੰਨਰ, ਮੱਛ, ਮਨੁੱਖ, ਪਤਾਲ ਵਾਸੀ, ਸੱਪ, ਸ਼ਿਵ ਜੀ, ਇੰਦਰ ਤੇ ਬ੍ਰਹਮਾ ਆਦਿਕ ਉਸ ਨੂੰ ਬੇਅੰਤ ਬੇਅੰਤ ਕਹਿੰਦੇ ਹਨ।

ਤ੍ਵਪਸਾਦਿ।। ਦੋਹਰੇ।।

ਏਕ ਸਮੈ ਸ੍ਰੀ ਆਤਮਾ ਉਚਰਿਓ ਮਤ ਸਿਉ ਬੈਨ।।

ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਕਲ ਬਿਧ ਤੈਨ।।੧।।੨੦੧।। (ਇਕ ਵਾਰ ਆਤਮਾ ਨੇ ਬੁੱਧੀ ਨੂੰ ਕਿਹਾ ਕਿ ਉਸ ਪ੍ਰਭੂ ਦੇ ਪ੍ਰਤਾਪ ਦਾ ਹਰ ਪ੍ਰਕਾਰ ਨਾਲ ਵਰਣਨ ਕਰੋ।।

 (ਇਸ ਦੋਹਰੇ ਤੋਂ ਅੱਗੇ ੯ ਦੋਹਰੇ ਹਨ, ਹਰ ਇਕ ਦੋਹਰੇ ਵਿਚ ਚਾਰ ਚਾਰ ਪੰਜ ਪੰਜ ਜਾਂ ਛੇ ਛੇ ਪ੍ਰਸ਼ਨ ਕੀਤੇ ਗਏ ਹਨ, ਪਰ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਦੇਣ ਵਾਲੇ ਛੰਦ ਇਸ ਬਾਣੀ ਵਿਚ ਨਹੀਂ ਮਿਲਦੇ। ਕਈ ਵਿਦਵਾਨਾਂ ਨੇ ਇਹਨਾਂ ਦੋਹਰਿਆਂ ਵਿਚੋਂ ਹੀ ਇਹਨਾਂ ਪ੍ਰਸ਼ਨਾਂ ਦੇ ਉੱਤਰ ਬਣਾ ਕੇ ਲਿਖੇ ਹਨ, ਪਰ ਵਾਸਤਵ ਵਿਚ ਇਹ ਉੱਤਰ ਖਿੱਚ ਧੂਹ ਨਾਲ ਬਣਾ ਕੇ ਪ੍ਰਗਟ ਕਰਨ ਦਾ ਯਤਨ ਹੈ, ਉਨ੍ਹਾਂ ਨੂੰ ਸਹੀ ਰੂਪ ਵਿਚ ਗੁਰੂ ਸਾਹਿਬ ਦਾ ਵਿਚਾਰ ਨਹੀਂ ਮੰਨਿਆ ਜਾ ਸਕਦਾ। ਸਾਡਾ ਮੰਨਣਾ ਇਹ ਹੈ ਕਿ ਪਾਤਸ਼ਾਹ ਜੀ ਨੇ ਇਸ ਦੋਹਰੇ ਵਿਚ ਸਾਰੇ ਸਵਾਲਾਂ ਨੂੰ ਇਕ ਥਾਂਏ ਲਿਆ ਕਿ ਜੋ ਕਿਤੇ ਨਾ ਕਿਤੇ ਹਰੇਕ ਮਨ ਵਿਚ ਉਭਰਦੇ ਹਨ। ਉਹਨਾਂ ਨੂੰ ਇਕੋ ਥਾਂਏ ਲਿਆ ਕਿ ਮਨੁੱਖ ਨੂੰ ਕਿਹਾ ਕਿ ਤੂੰ ਹੁਣ ਗੁਰੂ ਕੀ ਬਾਣੀ ਪੜਕੇ ਆਪ ਇਹਨਾਂ ਸਵਾਲਾਂ ਦੇ ਜਵਾਬ  ਉਸ ਅਨੁਸਾਰ ਜੀਵਨ ਜਿਉਂ ਕੇ ਲੱਭਣੇ ਹਨ। ਜੇ ਇਕੋ ਸਾਰ ਸਾਰੇ ਸਵਾਲ ਕਰਕੇ ਨਾਲ ਹੀ ਜਵਾਬ ਲਿਖ ਦੇਂਦੇ ਤਾਂ ਜਿੰਦਗੀ ਅੰਦਰਲੀ continuity ਹੀ ਖਤਮ ਹੋ ਜਾਵੇਗੀ ਹਰੇਕ ਸਵਾਲ ਦਾ ਜਵਾਬ ਹਰੇਕ ਉਮਰ, ਸਮੇਂ, ਸਥਾਨ ਦੇ ਹਿਸਾਬ ਨਾਲ ਕੁਝ ਹੋਰ ਆਵੇਗਾ ਤੇ ਉਹ ਬਾਣੀ ਦਾ ਰੋਜਾਨਾ ਅਧਿਐਨ ਕਰਨ ਨਾਲ ਮਿਲੇਗਾ ਵਰਨਾ ਰਟੇ ਰਟਾਏ ਜਵਾਬ ਕਿਸੇ ਖਾਸ ਸਮੇਂ ਬਗੈਰ, ਉਤਨੇ ਮਹੱਤਵਪੂਰਨ ਨਹੀਂ ਰਹਿਣਗੇ ਤੇ ਉਹਨਾਂ ਦਾ ਜਵਾਬ ਵੀ ਵਾਜਿਬ ਨਹੀਂ ਜਾਪੇਗਾ। ਇਹ ਦੋਹਰਾ ਇਥੇ ਪਾ ਕੇ ਸੰਗਤ ਨੂੰ ਸੁਨੇਹਾ ਲਾਇਆ ਹੈ ਕਿ ਗੁਰੂ ਕੀ ਬਾਣੀ ਦਾ ਰੋਜਾਨਾ ਨਿਤਨੇਮ ਜਰੂਰੀ ਹੈ। ਜਦੋਂ ਤੁਸੀਂ ਅਕਾਲ ਉਸਤਤਿ ਪੜ੍ਹੋਗੇ ਤਾਂ ਇਹ ਦੋਹਰਾ ਪੜ੍ਹਨ ਤੋਂ ਬਾਅਦ ਖਿੱਚ ਪੈਦਾ ਹੋਵੇਗੀ, ਗੁਰੂ ਕੀ ਬਾਣੀ ਅਨੁਸਾਰ ਜੀਵਨ ਜਿਉਂ ਕੇ ਜਵਾਬ ਭਾਲਣ ਦੀ। ਜਵਾਬ ਅਕਾਲ ਉਸਤਤਿ ਦੇ ਪਹਿਲੇ ਤੇ ਬਾਅਦ ਵਾਲੇ ਛੰਦਾਂ ਵਿਚ ਹੀ ਲੁਕੇ ਨੇ ਹੋਰ ਡੂੰਘੇ ਉੱਤਰ ਨਿਤਨੇਮ ਦੀਆਂ ਪੰਜ ਬਾਣੀਆਂ ਚ ਲੁਕੇ ਨੇ ਜਿਆਦਾ ਗਹਿਰਾਈ ਚ ਜੇ ਉੱਤਰ ਚਾਹੀਦੇ ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਤੇ ਦਸਮ ਗ੍ਰੰਥ ਦੀ ਬਾਣੀ ਦੀ ਹਰੇਕ ਪੰਕਤੀ ਅੰਦਰ ਲੁਕੇ ਨੇ ਸਿੱਖ ਨੇ ਰੋਜਾਨਾ ਅਧਿਐਨ ਕਰਨਾ ਤੇ ਢੂਢਣੇ ਹੈਨ। ਪਰ ਇਹ ਵੀ ਹੈ ਜੋ ਜਵਾਬ ਕਿਸੇ ਇਕ ਨੂੰ ਮਿਲਿਆ ਕਿਸੇ ਹੋਰ ਲਈ ਜਵਾਬ ਹੁ-ਬ-ਹੁ ਉਹ ਨਹੀਂ ਹੋਵੇਗਾ, ਉਸ ਇਨਸਾਨ ਨੂੰ ਲੱਭਣ ਤੇ ਆਪਣਾ ਜਵਾਬ ਜੋ ਉਸ ਲਈ ਤਸੱਲੀ ਬਖਸ ਹੋਵੇਗਾ ਉਹ ਜਰੂਰ ਮਿਲੇਗਾ। ਬੰਦੇ ਖੋਜ ਦਿਲ ਹਰ ਰੋਜ ਵਾਲੀ ਬਿਰਤੀ ਬਣਾਉਣੀ ਪੈਣੀ।

ਕੋ ਆਤਮਾ ਸਰੂਪ ਹੈ,ਕਹਾ ਸ੍ਰਿਸ਼ਟ ਕੋ ਬਿਚਾਰ।। ਕਉਨ ਧਰਮ ਕੋ ਕਰਮ ਹੈ ਕਹੋ ਸਕਲ ਬਿਸਥਾਰ।।੨

ਕਹ ਜੀਤਬ ਕਹ ਮਰਨ ਹੈ ਕਵਨ ਸੁਰਗ ਕਹ ਨਰਕ।। ਕੋ ਸੁਘੜਾ ਕੋ ਮੂੜਤਾ ਕਹਾ ਤਰਕ ਅਵਤਰਕ।।੩

ਕੋ ਨਿੰਦਾ ਜਸ ਹੈ ਕਵਨ ਕਵਨ ਪਾਪ ਕਹ ਧਰਮ।। ਕਵਨ ਜੋਗ ਕੋ ਭੋਗ ਹੈ ਕਵਨ ਕਰਮ ਅਪਕਰਮ।੪

ਕਹੋ ਸੁ ਸਮ ਕਾਸੋ ਕਹੈ ਦਮ ਕੋ ਕਹਾ ਕਹੰਤ।। ਕੋ ਸੂਰਾ ਦਾਤਾ ਕਵਨ ਕਹੋ ਤੰਤ ਕੋ ਮੰਤ।।੫

ਕਹਾ ਰੰਕ ਰਾਜਾ ਕਵਨ ਹਰਖ ਸੋਗ ਹੈ ਕਵਨ।। ਕੋ ਰੋਗੀ ਰਾਗੀ ਕਵਨ ਕਹੋ ਤੱਤ ਮੁਹਿ ਤਵਨ।।੬

ਕਵਨ ਰਿਸ਼ਟ ਕੋ ਪੁਸ਼ਟ ਹੈ ਕਹਾ ਸ੍ਰਿਸ਼ਟ ਕੋ ਬਿਚਾਰ।।  ਕਵਨ ਧ੍ਰਿਸ਼ਟ ਕੋ ਭਿਸ਼੍ਰਟ ਹੈ ਕਹੋ ਸਕਲ ਬਿਸਥਾਰ।।੭

ਕਹਾ ਕਰਮ ਕੋ ਕਰਮ ਹੈ ਕਹਾ ਭਰਮ ਕੋ ਨਾਸ।। ਕਹਾ ਚਿਤਨ ਕੀ ਚੇਸ਼ਟਾ ਕਹਾ ਅਚੇਤ ਪ੍ਰਕਾਸ।।੮

ਕਹਾ ਨੇਮ ਸੰਜਮ ਕਹਾਕਹਾ ਗਿਆਨ ਅਗਿਆਨ।। ਕੋ ਰੋਗੀ ਸੋਗੀ ਕਵਨ ਕਹਾ ਧਰਮ ਕੀ ਹਾਨ।।੯

ਕੋ ਸੂਰਾ ਸੁੰਦਰ ਕਵਨ ਕਹਾ ਜੋਗ ਕੋ ਸਾਰ।। ਕੋ ਦਾਤਾ ਗਯਾਨੀ ਕਵਨ ਕਹੋ ਬਿਚਾਰ ਅਬਿਚਾਰ।।੧੦

ਭਗਉਤੀ ਉਸਤਤਿ

ਤ੍ਵ ਪ੍ਰਸਾਦਿ।। ਦੀਰਘ ਤ੍ਰਿਭੰਗੀ ਛੰਦ।। (ਭਗਉਤੀ ਉਸਤਤਿ (ਅਕਾਲ ਪੁਰਖ ਨੂੰ ਇਥੇ ਭਗੌਤੀ ਸੰਬੋਧਿਤ ਹੋ ਦਸ਼ਮੇਸ਼ ਪਿਤਾ ਜੀ ੨੦ ਛੰਦ ਦੀਰਘ ਤ੍ਰਿਭੰਗੀ ਦੇ ਰਚਦੇ ਹਨ ਇਹ ਉਹੀ ਭਗੌਤੀ ਹੈ ਜਿਹੜੀ ਅਰਦਾਸ ਵਿਚਲੀ ਪ੍ਰਿਥਮ ਭਗੌਤੀ ਸਿਮਰਕੈ ਗੁਰੂ ਜੀ ਨੇ ਲਿਖਿਆ।

ਦੁਰਜਨ ਦਲ ਦੰਡਣ ਅਸੁਰ ਬਿਹੰਡਣ ਦੁਸ਼ਟ ਨਿਕੰਦਣ ਆਦਿ ਬ੍ਰਿਤੇ।। ਚਛਰਾਸੁਰ ਮਾਰਣ ਪਤਿਤ ਉਧਾਰਣ ਨਰਕ ਨਿਵਾਰਣ ਗੂੜ ਗਤੇ।।੧।।੨੧੧।।

ਅੱਛੇ ਅਖੰਡੇ ਤੇਜ ਪ੍ਰਚੰਡੇ ਖੰਡ ਉਦੰਡੇ ਅਲਖ ਮਤੇ।। ਜੈ ਜੈ ਹੋਸੀ ਮਹਖਾਸੁਰ ਮਰਦਨ ਰੰਮ ਕਪਰਦਨ ਛਤ੍ਰ ਛਿਤੇ।।(ਪ੍ਰਭੂ ਦੀ ਸ਼ਕਤੀ ਦਾ ਖੋਟੇ ਪੁਰਸ਼ਾਂ ਦੇ ਦਲਾਂ ਨੂੰ ਦੰਡ ਦੇਣਾ, ਦੈਂਤਾਂ ਦਾ ਨਾਸ ਕਰਨਾ ਤੇ ਦੁਸ਼ਟਾ ਨੂੰ ਮਾਰਨਾਂ,ਇਹ ਸੁਭਾਅ ਆਦਿ ਕਾਲ ਤੋਂ ਹੀ ਹੈ। ਉਹ ਸ਼ਕਤੀ ਚਛਰ ਦੈਂਤ ਨੂੰ ਮਾਰਨ ਵਾਲੀ ਹੈ, ਮਹਾਂ ਪਾਪੀਆਂ ਨੂੰ ਤਾਰਨ ਵਾਲੀ ਹੈ ਨਰਕਾਂ ਦੇ ਕਸ਼ਟ ਨਿਵਾਰਨ ਵਾਲੀ ਹੈ ਤੇ ਉਸਦੀ ਗਤੀ ਬੜੀ ਗੂੜ੍ਹ ਹੈ। ਉਸ ਦਾ ਪ੍ਰਕਾਸ਼ ਬੜਾ ਸੁੰਦਰ, ਤੇਜ ਤੇ ਨਾਸ ਰਹਿਤ ਹੈ। ਉਹ ਕਿਸੇ ਦੇ ਦੰਡ ਹੇਠ ਨਾ ਆਉਣ ਵਾਲੇ ਵੱਡੇ ਵੱਡੇ ਸੂਰਮਿਆਂ ਨੂੰ ਖੰਡਨ ਕਰਨ ਵਾਲੀ ਹੈ ਤੇ ਉਸਦੀ ਮਸਤੀਅਲਖ ਹੈ ਭਾਵ ਉਸ ਦੀ ਮਸਤੀ ਨੂੰ ਕੋਈ ਜਾਣ ਨਹੀਂ ਸਕਦਾ ਕਿ ਕੈਸੀ ਹੈ। ਹੇ ਮਹਿਖਾਸੁਰ ਦੈਂਤ ਨੂੰ ਮਾਰਨ ਵਾਲੀ! ਸਿਰ ਤੇ ਸੁੰਦਰ ਕੇਸਾਂ ਦਾ ਜੂੜਾ ਧਾਰਨ ਕਰਨ ਵਾਲੀ! ਤੇ ਇਸ ਧਰਤ ਤੇ ਛੱਤ੍ਰ ਰੂਪ ਸ਼ਕਤੀ ! ਤੇਰੀ ਜੈ ਹੋਵੈ, ਤੇਰੀ ਜੈ ਹੋਵੇ।

੧੨ ਪਾਧੜੀ ਛੰਦ (ਬੇਅੰਤ ਪ੍ਰਭੂ ਦੇ ਸਾਰੇ ਦੇਵੀ ਦੇਵਤੇ ਸੇਵਕ ਹਨ ਤੇ ਉਹ ਹੀ ਸਭ ਦਾ ਮਾਲਕ ਹੈ)

ਤੁਮ ਕਹੋ ਦੇਵ ਸਰਬੰ ਬਿਚਾਰ।। ਜਿਮ ਕਿਓ ਆਪਿ ਕਰਤੇ ਪਸਾਰ।।

ਜੱਦਪਿ ਅਭੂਤ ਅਨਭੈ ਅਨੰਤ ।। ਤਉ ਕਹੋ ਜਥਾਮਤ ਤ੍ਰੈਣ ਤੰਤ।।੧।। ੨੩੧।। (ਮੈਂ ਤੁਹਾਨੂੰ ਉਸ ਸਭ ਦੇਵਾਂ ਦੇ ਦੇਵ ਪ੍ਰਭੂ ਦਾ ਵਿਚਰ ਦਸਦਾ ਹਾਂ, ਉਸਦੀ ਵਿਵਸਥਾ ਦੱਸਦਾ ਹਾਂ ਉਹ ਪਰਮਾਤਮਾ ਸਭ ਦਾ ਕਰਤਾ ਹੈ, ਬਖਸਿਸ਼ ਕਰਨ ਵਾਲਾ ਹੈ, ਸ਼ਕਤੀ ਵਾਲਾ ਹੈ, ਕ੍ਰਿਪਾਲੂ ਹੈ, ਅਦ੍ਵੈਤ ਰੁਪ ਹੈ, ਤੱਤ੍ਹਾਂ ਦੀ ਰਚਨਾ ਤੋਂ ਪਰੇ ਹੈ, ਡਰ ਤੋਂ ਰਹਿਤ ਹੈ, ਦਇਆ ਕਰਨ ਵਾਲਾ ਹੈ, ਬੇਅੰਤ ਦਾਤਾ ਹੈ, ਦੁਖਾਂ-ਦੋਖਾਂ ਤੋਂ ਰਹਿਤ ਹੈ, ਜਿਸ ਨੂੰ ਸਾਰੇ ਵੇਦ ਬੇਅੰਤ ਬੇਅੰਤ ਕਹਿੰਦੇ ਹਨ।

 ੧੦ ਸਵੈਯੇ (ਪ੍ਰਭੂ ਦੀ ਬੇਅੰਤ ਮਹਿਮਾ ਦੇ ਗੁਣਗਾਨ ਕਰਦੇ ਹਨ।)

ਦੀਨਨ ਕੀ ਪ੍ਰਤਿਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ।। ਪੱਛ ਪਸੂ ਨਗ ਨਾਗ ਨਰਾਧਿਪ ਸਰਬ ਸਮੈ ਸਭ ਕੋ ਪ੍ਰਤਿਪਾਰੈ।।

ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀ ਕਰਮ ਬਿਚਾਰੈ।। ਦੀਨ ਦਇਆਲ ਦਇਆ ਨਿਧਿ ਦੋਖਨ ਦੇਖਤ ਹੈ ਪਰ ਦੇਤ ਨ ਹਾਰੈ।।੧।।੨੪੩।।(ਉਹ ਪ੍ਰਭੂ) ਦੀਨਾਂ-ਦੁਖੀਆਂ ਦੀ ਸਦਾ ਪ੍ਰਤਿਪਾਲਨਾ ਕਰਦਾ ਹੈ, ਸੰਤਾਂ ਨੂੰ ਉਬਾਰਦਾ ਹੈ ਅਤੇ ਅਤਿਆਚਾਰੀਆਂ ਦਾ ਵਿਨਾਸ਼ ਕਰਦਾ ਹੈ। ਪੰਛੀਆਂ,ਪਸ਼ੂਆਂ, ਪਹਾੜਾਂ, ਸੱਪਾਂ ਅਤੇ ਰਾਜਿਆਂ ਦੀ ਸਭ ਵੇਲੇ ਪ੍ਰਤਿਪਾਲਨਾ ਕਰਦਾ ਹੈ। ਉਹ ਜਲ ਵਿਚ ਤੇ ਥਲ ਭਾਵ ਪ੍ਰਿਥਵੀ ਵਿਚ ਰਹਿਣ ਵਾਲੇ ਜੀਵਾਂ ਦੀ ਪਲ ਪਲ ਭਾਵ ਹਰ ਸਮੇਂ ਪਾਲਣਾ ਕਰਦਾ ਹੈ ਤੇ ਕਿਸੇ ਦੇ ਮੰਦੇ ਚੰਗੇ ਕਰਨਾਂ ਦਾ ਵਿਚਾਰ ਨਹੀਂ ਕਰਦਾ ਭਾਵ ਰੋਜੀ ਦੇਣ ਲਗਿਆਂ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਉਹ ਦੀਨ ਦੁਖੀਆਂ ਤੇ ਦਇਆ ਕਰਨ ਵਾਲਾ ਦਇਆ ਦਾ ਸਮੁੰਦਰ ਹੈ। ਉਹ ਸਾਡੇ ਗੁਨਾਹਾਂ ਨੂੰ ਵੇਖਦਾ ਹੈ, ਪਰ ਰੋਜੀ ਦੇਣ ਤੋਂ ਹਾਰਦਾ ਨਹੀਂ ਭਾਵ ਕਿਸੇ ਦੋਸ਼ੀ ਨੂੰ ਰਿਜਕ ਦੇਣਾ ਬੰਦ ਨਹੀਂ ਕਰਦਾ।

 ੧੪ ਕਬਿੱਤ (ਇਹਨਾਂ ਕਬਿੱਤਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਤਕ ਸਭ ਪ੍ਰਾਂਤਾਂ, ਦੇਸ਼ਾਂ, ਨਸਲਾਂ, ਕੌਮਾਂ ਦਾ ਜਿਕਰ ਕਰ ਕੇ ਸਾਰਿਆਂ ਨੂੰ ਹੀ ਵਾਹਿਗੁਰੂ ਦੀ ਯਾਦ ਵਿਚ ਜੁਟਿਆ ਦੱਸਦੇ ਹਨ।

ਪੂਰਬੀ ਨ ਪਾਰ ਪਾਵੈ ਹਿੰਗੁਲਾ ਹਿਮਾਲੇ ਧਿਆਵੈ, ਗੋਰਿ ਗਰਦੇਜੀ ਗੁਨ ਗਾਵੈ ਤੇਰੇ ਨਾਮ ਹੈਂ।

ਫਰਾਂ ਕੇ ਫਿਰੰਗੀ ਮਾਨੈ ਕੰਧਾਰੀ ਕੁਰੈਸੀ ਜਾਨੈ, ਪਛਮ ਕੇ ਪਛਮੀ ਪਛਾਨੈ ਨਿਜ ਕਾਮ ਹੈਂ।

ਮਰਹਟਾ ਮਘੇਲੇ ਤੇਰੀ ਮਨ ਸੋ ਤਪਸਿਆ ਕਰੈ, ਦ੍ਰਿੜਵੈ ਤਿਲੰਗੀ ਪਹਚਾਨੇ ਧਰਮ ਧਾਮ ਹੈਂ।।੨।।੨੫੪।(ਪੂਰਬ ਦੇਸਾਂ ਦੇ ਨਿਵਾਸੀ ਤੇਰਾ ਅੰਤ ਨਹੀਂ ਪਾ ਸਕੇ, ਹਿੰਗਲਾਜ (ਮਕਰਾਨ ਇਲਾਕੇ ਦੇ ਨਿਵਾਸੀ) ਅਤੇ ਹਿਮਾਲੇ ਦੇ ਨਿਵਾਸੀ ਤੈਨੂੰ ਸਿਮਰਦੇ ਹਨ। ਗੋਰ ਅਤੇ ਗੁਰਦੇਜੀ ਇਹਨਾਂ ਇਲਾਕਿਆਂ ਦੇ ਵਾਸੀ ਤੇਰੇ ਨਾਮ ਦੇ ਗੁਣ ਗਾਉਂਦੇ ਹਨ। ਜੋਗੀ ਤੈਨੂੰ ਖੁਸ ਕਰਨ ਲਈ ਜੋਗ ਸਾਧਨਾ ਕਰਦੇ ਹਨ, ਪ੍ਰਣਾਯਾਮ ਪੌਣ ਦੀ ਸਾਧਨਾ ਵਿਚ ਵੀ ਕਿਤਨੇ ਹੀ ਲੱਗੇ ਹੋਏ ਹਨ। ਅਰਬ ਦੇਸ਼ਾਂ ਦੇ ਵਾਸੀ ਅਕਬੀ ਲੋਕ ਤੇਰੇ ਨਾਮ ਦੀ ਅਰਾਧਨਾ ਕਰਦੇ ਹਨ। ਫਰਾਂਸ ਦੇਸ਼ ਦੇ ਫਰਾਂਸੀਸੀ ਤੈਨੂੰ ਮੰਨਦੇ ਹਨ, ਕੰਧਾਰੀ ਅਤੇ ਕੁਰੇਸ਼ੀ ਵੀ ਤੈਨੂੰ ਜਾਣਦੇ ਹਨ ਅਤੇ ਪੱਛਮ ਦਿਸ਼ਾ ਦੇ ਪੱਛਮੀ ਲੋਕ ਵੀ ਤੇਰੇ ਨਾਮ ਦੀ ਆਰਾਧਨਾ ਨੂੰ ਹੀ ਆਪਣਾ ਕਰਤੱਵ ਸਮਝਦੇ ਹਨ। ਮਹਾਰਾਸ਼ਟਰ ਦੇ ਨਿਵਾਸੀ, ਮਗਧ ਦੇਸ਼ ਦੇ ਵਾਸੀ ਮਨ ਤੋਂ ਤੇਰੀ ਤਪਸਿਆ ਕਰਦੇ ਹਨ। ਦ੍ਰਾਵਿੜ ਅਤੇ ਤਿਲੰਗ ਦੇਸ਼ ਦੇ ਵਾਸੀ ਵੀ ਤੈਨੂੰ ਧਰਮ ਧਾਮ ਵਜੋਂ ਪਛਾਣਦੇ ਹਨ।

ਅੱਗੇ ਸਾਢੇ ਪੰਜ ਪਾਧੜੀ ਛੰਦ ਜਿਸ ਤੇ ਜਾ ਕੇ ਅਕਾਲ ਉਸਤਤਿ ਦੀ ਸਮਾਪਤੀ ਹੁੰਦੀ ਹੈ। ਉਹ ਵੀ ਅਕਾਲ ਪੁਰਖ ਦੀ ਸਿਫਤ ਸਲਾਹ ਵਿਚ ਪਾਤਸ਼ਾਹ ਵੱਲੋਂ ਲਿਖੇ ਗਏ ਹਨ।

ਅੱਦ੍ਵੈ ਅਨਾਸ ਆਸਨ ਅਡੋਲ।। ਅਦ੍ਵੈ ਅਨੰਤ ਉਪਮਾ ਅਤੋਲ।।

ਅੱਛੈ ਸਰੂਪ ਅਬਯਕਤ ਨਾਥ।। ਆਜਾਨ ਬਾਹੁ ਸਰਬਾ ਪ੍ਰਮਾਥ।।੧।।੨੬੭।।(ਉਹ ਪਰਮੇਸ਼ਰ ਦ੍ਵੈਤ ਰਹਿਤ ਤੇ ਨਾਸ ਰਹਿਤ ਹੈ। ਉਸ ਦਾ ਆਸਣ ਅਡੋਲ ਹੈ, ਉਹ ਕਦੀ ਡੋਲਦਾ ਨਹੀਂ। ਉਹ ਦੂਈ ਦ੍ਵੈਤ ਤੇ ਅੰਤ ਤੋਂ ਰਹਿਤ ਹੈ। ਉਸ ਦੀ ਉਪਮਾ ਦਾ ਕੋਈ ਤੋਲ ਨਹੀਂ।ਉਸ ਦਾ ਸਰੂਪ ਨਾਸ ਰਹਿਤ ਹੈ ਤੇ ਉਸ ਸੁਆਮੀ ਦਾ ਕੋਈ ਰਰੀਰ ਨਹੀਂ। ਦੇਵਤਿਆਂ ਨੂੰ ਪ੍ਰੇਰਨਾ ਦੇਣ ਵਾਲਾ ਤੇ ਸਭ ਦਾ ਸ਼੍ਰੋਮਣੀ ਹੈ।

ਸਾਤੋ ਅਕਾਸ਼ ਸਾਤੇ ਪਤਾਰ।। ਬਿਥਰਿਓ ਅਦ੍ਰਿਸ਼ਟ ਜਿਹ ਕਰਮ ਜਾਰਿ।।(ਉਸ ਪ੍ਰਭੂ ਦਾ ਰਚਿਆ ਕਰਮ-ਜਾਲ ਗੁਪਤ ਰੂਪ ਵਿਚ ਸੱਤਾਂ ਅਕਾਸ਼ਾਂ ਤੇ ਪਤਾਲਾਂ ਵਿਚ ਤਣਿਆਂ ਹੋਇਆ ਹੈ ਭਾਵ ਸ੍ਰਿਸ਼ਟੀ ਦੇ ਸਭ ਜੀਵ ਜੰਤੂ ਪ੍ਰਭੂ ਦੇ ਣਾਏ ਹੋਏ ਕਰਮ-ਜਾਲ ਵਿਚ ਫਸੇ ਕਰਮ ਕਰ ਰਹੇ ਹਨ। ਉਸ ਜਾਲ ਨੂੰ ਕੋਈ ਵੇਖ ਨਹੀਂ ਸਕਦਾ।)

ਪਿਆਰਾ ਸਿੰਘ ਪਦਮ ਤੇ ਡਾ. ਰਤਨ ਜੱਗੀ ਦੇ ਅਨੁਸਾਰ ਉਹਨਾਂ ਦਾ ਮੰਨਣਾ ਹੈ ਕਿ ਅਖੀਰ ਵਾਲਾ ਛੰਦ ਪੂਰਾ ਨਹੀਂ ਹੈ। ਪਿਆਰਾ ਸਿੰਘ ਪਦਮ ਜੀ ਦਾ ਤੇ ਇਥੋਂ ਤੱਕ ਲਿਖਣਾ ਹੈ ਕਿ ਇਸ ਬਾਣੀ ਅੰਦਰ ਪਾਧੜੀ ਛੰਦ ਵੀ ੨੦ ਹੀ ਹੋਣਗੇ ਤੇ ਢਾਈ ਪਾਧੜੀ ਛੰਦ ਅਜੇ ਤੀਕ ਮਿਲੇ ਨਹੀਂ। ਪਰ ਉਥੇ ਹੀ ਸਾਡਾ ਮੰਨਣਾ ਇਹ ਹੈ ਕਿ ਗੁਰੂ ਜੀ ਨੇ ਇਹ ਰਚਨਾ ਗੁਰੂ ਜੀ ਨੇ ਲਿਖੀ ਹੀ ਦੌ ਸੌ ਸਾਢੇ ਇਕੱਤਰ ਛੰਦਾਂ ਦੀ ਹੈ। ਕਿਉਂਕਿ ਜੇ ਗੁਰੂ ਜੀ ਦੋ ਸੌ ਅੱਸੀ ਜਾਂ ਤਿੰਨ ਸੌ ਛੰਦਾਂ ਦੀ ਰਚਨਾ ਰਚਦੇ ਜਾਂ ਦੋ ਸੌ ਬਹੱਤਰਵਾਂ ਛੰਦ ਵੀ ਪੂਰਾ ਕਰਦੇ ਤਾਂ ਸਾਡੇ ਜਿਹਿਆਂ ਨੂੰ ਇਹ ਭੁਲੇਖਾ ਰਹਿਣਾ ਸੀ ਕਿ ਅਕਾਲ ਜੀ ਕੀ ਉਸਤਤਿ ਸੰਪੂਰਨ ਹੈ। ਗੁਰੂ ਜੀ ਨੇ ਇਹ ਛੰਦ ਪੂਰਾ ਨਾ ਕਰਕੇ ਇਹ ਦਰਸਾਇਆ ਹੈ ਕੇ ਜੋ ਅਕਾਲ ਪੁਰਖ ਬੇਅੰਤ ਹੈ ਉਸਦੀ ਉਸਤਤਿ ਦਾ ਅੰਤ ਕਿਵੇਂ ਕੀਤਾ ਜਾ ਸਕਦਾ? ਸੋ ਗੁਰੂ ਜੀ ਨੇ ਇਹ ਦਰਸਾਉਣ ਲਈ ਕਿ ਜਿਸ ਅਕਾਲ ਪੁਰਖ ਨੂੰ ਸ੍ਰੀ ਗੁਰੂ ਆਦਿ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਵਿਚ ਬੇਅੰਤ ਆਖਿਆ ਗਿਆ ਹੈ। ਉਸਦੀ ਉਸਤਤੀ ਵੀ ਬੇਅੰਤ ਹੈ। ਇਸ ਲਈ ਉਸਦੇ ਬਾਬਤ ਜਿਤਨਾ ਮਰਜੀ ਕਥੀ ਜਾਓ ਉਹ ਅਕੱਥ ਹੈ। ਤੇ ਗੁਰੂ ਜੀ ਨੇ ਅਕਾਲ ਜੀ ਕੀ ਉਸਤਤਿ ਰਚੀ ਹੀ ਦੋ ਸੌ ਸਾਢੇ ਇਕੱਤਰਾਂ ਛੰਦਾਂ ਵਿਚ ਹੈ ਇਹ ਰਚਨਾ ਹੈ ਹੀ ਇਤਨੀ ਇਸ ਵਿਚ ਕੋਈ ਵੀ ਅਧੂਰਾਪਨ ਨਹੀਂ ਹੈ।

 ਕੁਲ ਦੋ ਸੌ ਸਾਢੇ ਇਕੱਤਰ ਛੰਦਾ ਦੀ ਇਹ ਰਚਨਾ ਜਿਸ ਦੀ ਗਿਣਤੀ ਪਿਆਰਾ ਸਿੰਘ ਪਦਮ ਜੀ ੧੦ ਦੋਹਰੇ ਤੇ ੨੦ ਭਗਉਤੀ ਉਸਤਤਿ ਵਾਲੇ ਦੀਰਘ ਤ੍ਰਿਭੰਗੀ ਛੰਦ ਕਢ ਕੇ ਦੋ ਸੋ ਸਾਢੇ ਇਕਤਾਲੀ ਲਿਖਦੇ ਹਨ। ਉਹਨਾਂ ਵਿਚ ਸਿਰਫ ਇਕ ਅਕਾਲ ਪੁਰਖ ਦੀ ਸਿਫਤ ਸਲਾਹ ਹੈ ਸਗੋਂ ਸਿਫਤ ਸਲਾਹ ਹੀ ਨਹੀਂ ਬਲਕਿ ਇਹ ਵੀ ਦਰਸਾਇਆ ਗਿਆ ਹੈ ਕਿ ਜਿਹੜੇ ਅਵਤਾਰਾਂ ਨੂੰ ਮਨੁੱਖ ਰੱਬ ਮੰਨੀ ਜਾਂਦਾ ਉਹਨਾਂ ਜਿਹੇ ਤਾਂ ਅਕਾਲ ਪੁਰਖ ਨੇ ਕਈ ਕਰੋੜ ਪੈਦਾ ਕੀਤੇ ਤੇ ਖਤਮ ਕਰ ਦਿੱਤੇ ਤੇ ਅੱਗੇ ਵੀ ਕਰਦਾ ਰਹੇਗਾ।

ਜਿਹ ਕੋਟਿ ਇੰਦ੍ਰ ਨ੍ਰਿਪਾਰ।। ਕਈ ਬ੍ਰਹਮ ਬਿਸ਼ਨ ਬਿਚਾਰ।। ਕਈ ਰਾਮ ਕ੍ਰਿਸ਼ਨ ਰਸੂਲ।। ਬਿਨੁ ਭਗਤ ਕੋ ਨ ਕਬੂਲ।।੮।। ੩੮।। (ਉਸ ਨੇ ਕ੍ਰੋੜਾਂ ਇੰਦਰ ਰਾਜੇ ਬਣਾਏ ਹਨ ਤੇ ਕਈ ਬ੍ਰਹਮਾਂ ਤੇ ਵਿਸ਼ਨੂੰ ਰਚੇ ਹਨ। ਕਈ ਰਾਮ ਕ੍ਰਿਸ਼ਨ ਤੇ ਰਸੂਲ ਮੁਹੰਮਦ ਸਾਜੇ ਹਨ। ਪਰ ਭਗਤੀ ਤੋਂ ਬਿਨਾਂ ਉਸ ਪ੍ਰਭੂ ਦੀ ਦਰਗਾਹ ਵਿਚ ਕੋਈ ਵੀ ਪ੍ਰਵਾਨ ਨਹੀਂ ਹੁੰਦਾ।।)

ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ, ਰਾਮਚੰਦ੍ਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈਂ।। ਬ੍ਰਹਮਾ ਅਰੁ ਬਿਸ਼ਨ ਕੇਤੇ ਬੇਦ ਔ ਪੁਰਾਨ ਕੇਤੇ, ਸਿੰਮ੍ਰਿਤਿ ਸਮੂਹਨ ਕੈ ਹੁਏ ਹੁਏ ਬਿਤਏ ਹੈਂ।। ਮੋਨਦੀ ਮਦਾਰ ਕੇਤੇ ਅਸੁਨੀ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ ਕਾਲ ਬਸ ਭਏ ਹੈਂ।। ਪੀਰ ਔ ਪਿਕਾਂਬਰ ਕੇਤੇ ਗਨੇ ਨ ਪਰਤ ਏਤੇ ਭੂਮ ਹੀ ਤੇ ਹੁਇ ਕੈ ਫੇਰਿ ਭੂਮ ਹੀ ਮਿਲਏ ਹੈਂ।।੭।।੭੭।। (ਇਕ ਸ਼ਿਵਜੀ ਹੋਇਆ, ਉਹ ਚਲਾ ਗਿਆ, ਇਕ ਹੋਰ ਹੋਇਆ, ਉਹ ਵੀ ਚਲਾ ਗਿਆ, ਇਸ ਤਰ੍ਹਾਂ ਕਈ ਸ਼ਿਵ ਪੈਦਾ ਹੋਏ ਤੇ ਨਾਸ ਹੋ ਗਏ। ਇਸੇ ਤਰ੍ਹਾਂ ਰਾਮਚੰਦ੍ਰ ਤੇ ਕ੍ਰਿਸ਼ਨ ਵੀ ਕਈ ਵਾਰ ਅਵਤਾਰ ਧਾਰਕੇ ਆਏ ਤੇ ਚਲੇ ਗਏ। ਕਈ ਬ੍ਰਹਮਾ ਤੇ ਕਈ ਵਿਸ਼ਨੂੰ ਪੈਦਾ ਹੋ ਕੇ ਚਲੇ ਗਏ। ਵੇਦ, ਪੁਰਾਣ ਵੀ ਕਈ ਹੋ ਕੇ ਨਾਸ ਹੋ ਗਏ। ਸਮੂਹ ਸਿੰਮ੍ਰ੍ਤੀਆਂ ਦੇ ਰਚਨਹਾਰ ਵੀ ਕਈ ਹੋਏ ਤੇ ਚਲੇ ਗਏ। ਇਸ ਸੰਸਾਰ ਵਿਚ ਕਈ ਮੋਨਦੀ,ਕਈ ਮਦਾਰ ਤੇ ਕਈ ਅਸੁਨੀ ਕੁਮਾਰ ਹੋਏ ਹਨ ਤੇ ਕਈ ਅੰਸਾ ਅਵਤਾਰ ਰਾਮਚੰਦ੍ਰ ਤੇ ਕ੍ਰਿਸ਼ਨ ਜੀ ਵਰਗੇ ਹੋ ਕੇ ਅੰਤ ਨੂੰ ਕਾਲ ਦੇ ਵਸ ਵਿਚ ਪੈ ਕੇ ਖਤਮ ਹੋ ਗਏ ਹਨ। ਕਿੰਨੇ ਪੀਰ ਤੇ ਪੈਗੰਬਰ ਹੋਏ ਹਨ, ਜਿੰਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਇਹ ਸਾਰੇ ਵਡੇ ਵਡੇ ਦੇਵੀ, ਦੇਵਤੇ, ਪੀਰ ਤੇ ਪੈਗੰਬਰ ਇਸ ਧਰਤੀ ਤੇ ਉਤਪੰਨ ਹੋ ਕੇ ਫੇਰ ਇਸੇ ਧਰਤੀ ਵਿਚ ਹੀ ਮਿਲ ਗਏ ਹਨ।।

ਕਿਤੇ ਕ੍ਰਿਸ਼ਨ ਸੇ ਕੀਟ ਕੋਟੈ ਉਪਾਏ।। ਉਸਾਰੇ ਗੜ੍ਹੇ ਫੇਰਿ ਮੇਟੇ ਬਨਾਏ।। ਅਗਾਧੇ ਅਭੈ ਆਦਿ ਅਦ੍ਵੈ ਅਬਿਨਾਸੀ।। ਪਰੇਅੰ ਪਰਾ ਪਰਮ ਪੂਰਨ ਪ੍ਰਕਾਸੀ।।੬।।੯੬।।( ਉਸ ਸਮਰਥਾਵਾਨ ਪਰਮੇਸ਼ਰ ਨੇ ਕ੍ਰਿਸ਼ਨ ਵਰਗੇ ਕਰੋੜਾਂ ਕੀੜੇ ਪੈਦਾ ਕੀਤੇ ਹਨ ਪਹਿਲਾਂ ਉਸ ਨੇ ਉਹਨਾਂ ਨੂੰ ਉਸਾਰਿਆ, ਘੜਿਆ, ਫੇਰ ਨਾਸ ਕਰ ਦਿੱਤਾ ਤੇ ਫੇਰ ਬਣਾਇਆ। ਪ੍ਰਭੂ ਬਹੁਤ ਡੂੰਘਾ ਗਹਿਰਾ ਹੈ, ਬੇਡਰ ਹੈ, ਸਭ ਦਾ ਮੁੱਢ ਹੈ, ਦ੍ਵੈਤ ਤੋਂ ਰਹਿਤ ਹੈ ਤੇ ਨਾਸ ਨਹੀਂ ਹੁੰਦਾ। ਉਹ ਪਰੇ ਪਰੇ ਹੈ, ਮਹਾਨ ਹੈ ਤੇ ਪੂਰਨ ਪ੍ਰਕਾਸ਼ ਰੂਪ ਹੈ।

ਸੁਰਜੀਤ ਸਿੰਘ ਜਰਮਨੀ(ਡਾ.)



[1] ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 349।।

[2] ਇੱਕ ਪਾਸਾ ਪੁਰਸ਼ ਵਾਚ ਤੇ ਦੂਜਾ ਇਸਤਰੀ ਵਾਚ ਪਰ ਇਥੇ ਵੀ ਇਸਤਰੀ ਸਿਰਫ ਸ੍ਰਿਸ਼ਟੀ ਹੈ ਅਕਾਲ ਪੁਰਖ ਦੀ ਸ਼ਕਤੀ ਅਕਾਲ ਪੁਰਖ ਭਾਵ ਇਥੇ ਵੀ ਪੁਰਸ਼ ਵਾਚਕ ਹੀ ਮਿਲਦਾ ਹੈ।

[3] (ਸਾਡੀ ਰੱਖਿਆ ਕਰਨ ਵਾਲਾ ਅਕਾਲ ਪੁਰਖ ਹੈ। ਸਾਨੂੰ ਸ਼ਸਤਰਾਂ ਦੀ ਰੱਖਿਆ ਹੈ। ਸਭ ਨੂੰ ਨਾਸ ਕਰਨ ਵਾਲੇ ਕਰਤਾਰ ਦੀ ਸਾਨੂੰ ਰੱਖਿਆ । ਸਾਨੂੰ ਸਦਾ ਕਰਤਾ ਪੁਰਖ ਦੀ ਰੱਖਿਆ ਹੈ।

[4] ਦਸਮ ਗ੍ਰੰਥ ਟੀਕਾ( ਡਾ. ਰਤਨ ਸਿੰਘ ਜੱਗੀ ਪੰਨਾ ਨੰ. 15)

 

[5] ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ।। ਸ੍ਰੀ ਗੁਰੂ ਆਦਿ ਗ੍ਰੰਥ ਸਾਹਿਬ ਜੀ ਅੰਗ 7।।

Tags:

About the author

5aab Media Picture

Dr. Surjit Singh Germany - Scholar, Author, and Political Commentator

Dr. Surjit Singh is a distinguished scholar and prolific author known for his deep analysis and writings on Punjab's rich history, culture, and contemporary socio-political issues. A prominent voice in the study of Punjab (India), he has made significant contributions to understanding the region's complex dynamics in the 20th century and beyond.

Dr. Singh is the author of two critically acclaimed books: Moosewala Kaun and Panjabnama 20th Century. His work often explores the intersection of Punjab’s evolving identity, political movements, and the legacy of its cultural and religious traditions. He is especially recognized for his thorough research on Sikh history and the socio-political upheavals that have shaped the region’s modern identity.

His passion for exploring the challenges and triumphs of Punjab is evident in his ongoing writings, which touch on issues ranging from Panthak (Sikh religious) ideologies to the complexities of regional politics. As a voice that bridges historical context with present-day concerns, Dr. Surjit Singh continues to engage readers, scholars, and political analysts with his insightful perspectives on Punjab's journey in the modern world.

Through his work, Dr. Singh remains dedicated to shedding light on the past while providing a roadmap for understanding the region’s future trajectory in the global political and cultural arena

Related Posts

Advertisement

Latest News

ਅਕਾਲ ਉਸਤਤਿ।। ਅਕਾਲ ਉਸਤਤਿ।।
ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਦੂਸਰੀ ਬਾਣੀ।।
ਜਾਪੁ ਸਾਹਿਬ।।
ਬਾਬੇ ਕੇ ਬਾਬਰ ਕੇ ਦੋਊ।।
ਸ੍ਰੀ ਭਗੌਤੀ ਜੀ ਸਹਾਇ।।
ਭਾਈ ਤਾਰੂ ਸਿੰਘ ਜੀ 
ਦਸਮ ਵਿਹੀਣ ਪੰਥ ?
`ਏਕ ਗ੍ਰੰਥ - ਏਕ ਪੰਥ`- ਸੇਵਾ ਜਾਂ ਸਾਜ਼ਿਸ਼